ਚੋਟੀ ਦੀ ਨੌਕਰਸ਼ਾਹੀ ’ਚ ਵੱਡਾ ਫੇਰਬਦਲ ਜਲਦੀ ਹੀ
Tuesday, Jul 09, 2024 - 04:50 PM (IST)
ਨਵੀਂ ਦਿੱਲੀ- ਜੁਲਾਈ-ਅਗਸਤ ’ਚ ਕੇਂਦਰੀ ਬਜਟ ਪਾਸ ਹੋਣ ਤੋਂ ਬਾਅਦ ਚੋਟੀ ਦੀ ਨੌਕਰਸ਼ਾਹੀ 'ਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ। ਖਬਰਾਂ ਹਨ ਕਿ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ. ਕੇ. ਮਿਸ਼ਰਾ ਸਿਹਤ ਕਾਰਨਾਂ ਕਰ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।
ਮਿਸ਼ਰਾ ਗੁਜਰਾਤ ਦੇ ਮੁੱਖ ਮੰਤਰੀ ਦੇ ਦਿਨਾਂ ਤੋਂ ਹੀ ਮੋਦੀ ਨਾਲ ਰਹੇ ਹਨ। ਬਾਅਦ ’ਚ 2014 ਤੋਂ ਉਹ ਪੀ. ਐੱਮ. ਓ. ’ਚ ਹਨ। ਇਸ ਗੱਲ ਦੀ ਜ਼ੋਰਦਾਰ ਚਰਚਾ ਹੈ ਕਿ ਕੈਬਨਿਟ ਸਕੱਤਰ ਰਾਜੀਵ ਗੌਬਾ ਨੂੰ ਪੀ. ਐੱਮ. ਓ. ’ਚ ਲਿਆਂਦਾ ਜਾ ਸਕਦਾ ਹੈ।
ਗੌਬਾ ਨੇ ਪਹਿਲਾਂ ਹੀ 5 ਸਾਲਾਂ ਦੀ ਸਭ ਤੋਂ ਲੰਬੀ ਮਿਆਦ ਲਈ ਕੈਬਨਿਟ ਸਕੱਤਰ ਵਜੋਂ ਸੇਵਾਵਾਂ ਦੇ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਦਾ ਵਧਾਇਅਾ ਹੋਇਆ ਕਾਰਜਕਾਲ 30 ਅਗਸਤ, 2024 ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਤੋਂ ਪਹਿਲਾਂ ਦੇ ਕੈਬਨਿਟ ਸਕੱਤਰ ਪੀ. ਕੇ. ਸਿਨ੍ਹਾ ਨੇ 4 ਸਾਲ 79 ਦਿਨ ਸੇਵਾ ਕੀਤੀ।
ਆਮ ਤੌਰ ’ਤੇ ਕੈਬਨਿਟ ਸਕੱਤਰ ਨੂੰ 1-2 ਸਾਲ ਲਈ ਹੀ ਐਕਸਟੈਂਸ਼ਨ ਦਿੱਤੀ ਜਾਂਦੀ ਹੈ ਪਰ ਮੋਦੀ ਨੇ ਗੌਬਾ ਦੇ ਮਾਮਲੇ ’ਚ ਅਪਵਾਦ ਕੀਤਾ ਅਤੇ ਉਨ੍ਹਾਂ ਨੂੰ ਪੰਜਵੀਂ ਐਕਸਟੈਂਸ਼ਨ ਦਿੱਤੀ।
ਗੌਬਾ ਇਸ ਤੋਂ ਪਹਿਲਾਂ ਅਮਿਤ ਸ਼ਾਹ ਅਧੀਨ ਕੇਂਦਰੀ ਗ੍ਰਹਿ ਸਕੱਤਰ ਵੀ ਰਹਿ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਮੋਦੀ ਦੇ ਇਕ ਹੋਰ ਚਹੇਤੇ ਅਧਿਕਾਰੀ ਗ੍ਰਹਿ ਸਕੱਤਰ ਅਜੇ ਭੱਲਾ ਹਨ, ਜਿਨ੍ਹਾਂ ਨੂੰ 2023 ’ਚ ਚੌਥੀ ਵਾਰ ਐਕਸਟੈਂਸ਼ਨ ਦਿੱਤੀ ਗਈ ਸੀ।
ਉਨ੍ਹਾਂ ਦਾ ਵਧਾਇਆ ਹੋਇਆ ਕਾਰਜਕਾਲ ਅਗਸਤ 2024 ’ਚ ਖਤਮ ਹੋਵੇਗਾ। ਅਫ਼ਸਰਸ਼ਾਹੀ ’ਚ ਭਾਰੀ ਅਸੰਤੋਸ਼ ਹੈ ਕਿਉਂਕਿ ਕਈ ਸੀਨੀਅਰ ਆਈ. ਏ. ਐੱਸ. ਅਫਸਰ ਇਨ੍ਹਾਂ ਵਾਧਿਆਂ ਕਾਰਨ ਉਕਤ ਵੱਕਾਰੀ ਅਹੁਦਿਆਂ ’ਤੇ ਬਿਰਾਜਮਾਨ ਹੋਣ ਦਾ ਮੌਕਾ ਗੁਆ ਲੈਂਦੇ ਹਨ।
ਕੈਬਨਿਟ ਸਕੱਤਰ ਤੇ 4 ਸੀਨੀਅਰ ਸਕੱਤਰਾਂ (ਗ੍ਰਹਿ, ਵਿੱਤ, ਰੱਖਿਆ ਤੇ ਵਿਦੇਸ਼) ਅਤੇ ਸੀ. ਬੀ. ਆਈ. ਤੇ ਈ. ਡੀ. ਦੇ ਮੁਖੀਆਂ ਦਾ ਕਾਰਜਕਾਲ 2-2 ਸਾਲਾਂ ਲਈ ਨਿਸ਼ਚਿਤ ਹੁੰਦਾ ਹੈ।
ਪਸੰਦ ਵਾਲੇ ਅਫਸਰਾਂ ਦੇ ਕਾਰਜਕਾਲ ਨੂੰ ਇਕ ਤੋਂ ਦੋ ਸਾਲ ਵਧਾਉਣ ਦਾ ਰੁਝਾਨ ਵਧ ਰਿਹਾ ਹੈ। ਹਾਲਾਂਕਿ ਮੋਦੀ ਸਰਕਾਰ ਨੇ 4 ਸਾਲ ਤੋਂ ਵੱਧ ਦਾ ਸਮਾਂ ਦਿੱਤਾ ਹੈ।
ਰੱਖਿਆ ਸਕੱਤਰ ਗਿਰਿਧਰ ਅਰਮਾਨੇ ਦਾ ਨਿਯਮਤ ਕਾਰਜਕਾਲ 1 ਨਵੰਬਰ, 2024 ਤੱਕ ਹੈ ਜਦਕਿ ਵਿੱਤ ਸਕੱਤਰ ਟੀ. ਵੀ. ਸੋਮਨਾਥਨ ਦਾ ਵਧਿਆ ਕਾਰਜਕਾਲ ਕੇਂਦਰੀ ਬਜਟ ਦੇ ਪਾਸ ਹੋਣ ਤੱਕ ਹੋਵੇਗਾ। ਉਨ੍ਹਾਂ ਦੀ ਨਿਯੁਕਤੀ ਅਪ੍ਰੈਲ 2021 ’ਚ ਹੋਈ ਸੀ।