ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ, ਅਮਰੀਕਾ ''ਚ H-1B visa ਬੈਨ ਕਰਨ ਦੇ ਫੈਸਲੇ ''ਤੇ ਰੋਕ
Saturday, Oct 03, 2020 - 02:39 AM (IST)

ਵਾਸ਼ਿੰਗਟਨ - ਅਮਰੀਕਾ ਵਿਚ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੈਲੀਫੋਰਨੀਆ ਦੇ ਜ਼ਿਲਾ ਜੱਜ ਜੇਫਰੀ ਵ੍ਹਾਈਟ ਨੇ ਐੱਚ-1ਬੀ ਵੀਜ਼ਾ ਸਮੇਤ ਹੋਰਨਾਂ ਵਰਗ ਪਰਮਿਟਾਂ ਨੂੰ ਆਰਜ਼ੀ ਤੌਰ 'ਤੇ ਬੈਨ ਕਰਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਪਾਰ ਕੀਤਾ ਹੈ।
ਦੱਸਣਯੋਗ ਹੈ ਕਿ ਕੌਮੀ ਉਤਪਾਦਕ ਸੰਘ, ਯੂ.ਐੱਸ.ਚੈਂਬਰ ਆਫ ਕਾਮਰਸ, ਰਾਸ਼ਟਰੀ ਪ੍ਰਚੂਨ ਵਪਾਰ ਸੰਘ ਅਤੇ ਟੈਕਨੈੱਕ ਦੇ ਪ੍ਰਤੀਨਿਧੀਆਂ ਨੇ ਵਪਾਰ ਮੰਤਰਾਲਾ ਅਤੇ ਅੰਦਰੂਨੀ ਸੁਰੱਖਿਆ ਮੰਤਰਾਲਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਉਤਪਾਦਕਾਂ ਦੇ ਕੌਮੀ ਸੰਘ (ਐੱਨ.ਏ.ਐੱਮ.) ਨੇ ਕਿਹਾ ਕਿ ਇਸ ਫੈਸਲੇ ਦੇ ਤੁਰੰਤ ਬਾਅਦ ਵੀਜ਼ਾ ਸਬੰਧੀ ਪਾਬੰਦੀਆਂ ਮੁਲਤਵੀ ਹੋ ਗਈਆਂ ਹਨ। ਇਨ੍ਹਾਂ ਅਧੀਨ ਉਤਪਾਦਕਾਂ ਨੂੰ ਅਹਿਮ ਅਹੁਦਿਆਂ 'ਤੇ ਭਰਤੀ ਕਰਨ ਤੋਂ ਰੋਕ ਸੀ।
ਟਰੰਪ ਨੇ ਇਸ ਸਾਲ ਜੂਨ ਵਿਚ ਇਕ ਸਰਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਕਾਰਣ ਇਸ ਸਾਲ ਦੇ ਅੰਤ ਤੱਕ ਐੱਚ-1ਬੀ ਵੀਜ਼ਾ ਅਤੇ ਐੱਚ-2ਬੀ, ਜੇ.ਐਂਡ.ਐੱਲ. ਵੀਜ਼ਾ ਸਮੇਤ ਵਿਦੇਸ਼ੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਹੋਰ ਵੀਜ਼ਿਆਂ 'ਤੇ ਆਰਜ਼ੀ ਰੋਕ ਲੱਗ ਗਈ ਸੀ। ਟਰੰਪ ਦੀ ਦਲੀਲ ਸੀ ਕਿ ਅਮਰੀਕਾ ਨੂੰ ਆਪਣੇ ਘਰੇਲੂ ਕਿਰਤੀਆਂ ਦੀ ਨੌਕਰੀ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ। ਖਾਸ ਤੌਰ 'ਤੇ ਉਸ ਸਮੇਂ ਜਦੋਂ ਕੋਵਿਡ-19 ਮਹਾਮਾਰੀ ਕਾਰਣ ਲੱਖਾਂ ਨੌਕਰੀਆਂ ਚਲੀਆਂ ਗਈਆਂ ਹਨ।
ਟਰੰਪ ਤੇ ਮੇਲਾਨੀਆ ਵੀ ਕੋਰੋਨਾ ਪਾਜ਼ੇਟਿਵ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਟਰੰਪ ਨੇ ਵੀਰਵਾਰ ਰਾਤ ਟਵੀਟ ਕਰਕੇ ਕਿਹਾ ਕਿ ਮੇਲਾਨੀਆ ਅਤੇ ਮੇਰੇ ਕੋਰੋਨਾ ਵਾਇਰਸ ਕਾਰਣ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਅਸੀਂ ਤੁਰੰਤ ਇਕਾਂਤਵਾਸ ਅਤੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਅਸੀਂ ਇਸ ਦਾ ਇਕੱਠਿਆਂ ਮੁਕਾਬਲਾ ਕਰਾਂਗੇ। ਟਰੰਪ ਦੇ ਡਾਕਟਰ ਸੀਨ ਕਾਨਲੀ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਫਸਟ ਲੇਡੀ ਦੋਵੇਂ ਸਿਹਤਮੰਦ ਹਨ। ਇਲਾਜ ਦੌਰਾਨ ਉਨ੍ਹਾਂ ਵ੍ਹਾਈਟ ਹਾਊਸ ਵਿਚ ਆਪਣੇ ਘਰ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਹੈ।
ਮੋਦੀ ਨੇ ਜਲਦੀ ਸਿਹਤਮੰਦ ਹੋਣ ਦੀ ਕੀਤੀ ਕਾਮਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ਕਰਕੇ ਕਿਹਾ ਕਿ,'ਮੈਂ ਆਪਣੇ ਮਿੱਤਰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਜਲਦੀ ਸਿਹਤਮੰਦ ਹੋਣ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।