ਵੱਡੇ ਆਪ੍ਰੇਸ਼ਨ ਦੀ ਤਿਆਰੀ ਅੱਤਵਾਦ ਵਿਰੁੱਧ, ਤਾਇਨਾਤ ਐੱਨ.ਐੱਸ. ਜੀ. ਦੇ ਕਮਾਂਡੋਜ਼

06/22/2018 9:52:30 AM

ਨਵੀਂ ਦਿੱਲੀ—ਜੰਮੂ-ਕਸ਼ਮੀਰ 'ਚ ਸਭ ਤੋਂ ਵੱਡੇ ਆਪ੍ਰੇਸ਼ਨ ਦੀ ਤਿਆਰੀ ਅੱਤਵਾਦ ਦੀਆਂ ਵਧ ਰਹੀਆਂ ਘਟਨਾਵਾਂ ਦਰਮਿਆਨ ਕੀਤੀ ਜਾ ਰਹੀ ਹੈ। ਸੂਬੇ ਵਿਚ ਐੱਨ. ਐੱਸ. ਜੀ. ਦੇ ਕਮਾਂਡੋਜ਼ ਤਾਇਨਾਤ ਕੀਤੇ ਗਏ ਹਨ। ਗ੍ਰਹਿ ਮੰਤਰਾਲਾ ਨੂੰ ਉਮੀਦ ਹੈ ਕਿ ਇਸ ਨਾਲ ਅੱਤਵਾਦੀ ਘਟਨਾਵਾਂ 'ਤੇ ਰੋਕ ਲੱਗੇਗੀ। 
ਐੱਨ. ਐੱਸ. ਜੀ. ਦੀ ਟੀਮ ਹਰ ਹਾਲਾਤ ਨਾਲ ਨਜਿੱਠਣ ਵਿਚ ਕਾਫੀ ਅਸਰਦਾਰ ਸਾਬਤ ਹੁੰਦੀ ਹੈ। ਹੁਣ ਤੱਕ ਅਜਿਹੇ ਔਖੇ ਹਾਲਾਤ ਨਾਲ ਨਜਿੱਠਣ ਲਈ ਫੌਜ ਅਤੇ ਸੀ. ਆਰ. ਪੀ. ਐੱਫ. ਵਲੋਂ ਹੀ ਮੁਹਿੰਮ ਚਲਾਈ ਜਾਂਦੀ ਰਹੀ ਹੈ। ਆਪ੍ਰੇਸ਼ਨ ਦੌਰਾਨ ਸੁਰੱਖਿਆ ਫੋਰਸਾਂ ਦੇ ਜਵਾਨਾਂ ਵਲੋਂ ਫਾਇਰਿੰਗ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਸ ਕਾਰਨ ਸੁਰੱਖਿਆ ਫੋਰਸਾਂ ਦੇ ਜਵਾਨਾਂ ਅਤੇ ਆਮ ਲੋਕਾਂ ਦੋਵਾਂ ਨੂੰ ਨੁਕਸਾਨ ਪੁੱਜਦਾ ਹੈ।
ਗ੍ਰਹਿ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2017 'ਚ ਸੁਰੱਖਿਆ ਫੋਰਸਾਂ ਦੇ 82 ਜਵਾਨ ਮਾਰੇ ਗਏ ਸਨ। ਇਸ ਸਾਲ ਹੁਣ ਤੱਕ ਲਗਭਗ 34 ਆਮ ਨਾਗਰਿਕ ਮਾਰੇ ਜਾ ਚੁੱਕੇ ਹਨ। ਪਿਛਲੇ ਪੂਰੇ ਸਾਲ 'ਚ 68 ਆਮ ਨਾਗਰਿਕ ਮਾਰੇ ਗਏ ਸਨ। ਗ੍ਰਹਿ ਮੰਤਰਾਲਾ ਦਾ ਕਹਿਣਾ ਹੈ ਕਿ ਇਕ ਵੱਖਰੀ ਕਿਸਮ ਦਾ ਆਪ੍ਰੇਸ਼ਨ ਕੀਤਾ ਜਾਵੇਗਾ ਤਾਂ ਜੋ ਮਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਤੋਂ ਘੱਟ ਹੋਵੇ। ਐੱਨ. ਐੱਸ. ਜੀ. ਦੀਆਂ ਟੀਮਾਂ ਹੁਣ ਤੱਕ ਲਾਈਵ ਆਪ੍ਰੇਸ਼ਨ ਨਹੀਂ ਕਰਦੀਆਂ ਸਨ, ਉਹ ਸਿਰਫ ਸਿਖਲਾਈ ਦਿੰਦੀਆਂ ਸਨ। ਹੁਣ ਐੱਨ. ਐੱਸ. ਜੀ. ਦੀਆਂ ਟੀਮਾਂ ਨੂੰ ਮੁਕਾਬਲਿਆਂ 'ਚ ਸ਼ਾਮਲ ਕੀਤਾ ਜਾਵੇਗਾ।


Related News