ਪ੍ਰਿਯੰਕਾ ਦੀ ਸੁਰੱਖਿਆ 'ਚ ਹੋਈ ਚੂਕ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

12/3/2019 3:26:44 PM

ਨਵੀਂ ਦਿੱਲੀ—ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਰਿਹਾਇਸ਼ 'ਤੇ ਸੁਰੱਖਿਆ 'ਚ ਕਥਿਤ ਤੌਰ 'ਤੇ ਸੇਂਧ ਦਾ ਮਾਮਲੇ ਨੇ ਜਿੱਥੇ ਲੋਕ ਸਭਾ 'ਚ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ ਹੈ, ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਟੀ.ਵੀ.ਰਿਪੋਰਟ ਮੁਤਾਬਕ ਪ੍ਰਿਯੰਕਾ ਗਾਂਧੀ ਦੇ ਘਰ 'ਚ ਵੜ੍ਹਨ ਵਾਲੇ ਅਣਪਛਾਤੇ ਨਹੀਂ ਬਲਕਿ ਕਾਂਗਰਸ ਵਰਕਰ ਹੀ ਸੀ। ਇੰਨਾ ਹੀ ਨਹੀਂ ਉਨ੍ਹਾਂ ਸਾਰਿਆਂ ਨੇ ਕਾਂਗਰਸ ਜਨਰਲ ਸਕੱਤਰ ਦੀ ਆਗਿਆ ਤੋਂ ਬਾਅਦ ਹੀ ਸੈਲਫੀ ਲਈ ਸੀ।

ਦਰਅਸਲ ਸੰਸਦ 'ਚ ਸਿਫਰ ਕਾਲ ਦੌਰਾਨ ਕਾਂਗਰਸ ਦੇ ਐਂਟੋ ਐਂਟਨੀ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਕਿਹਾ ਹੈ ਕਿ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੀ ਸੁਰੱਖਿਆ 'ਚ ਸੇਂਧ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨੇ ਜਦੋਂ ਐੱਸ.ਪੀ.ਜੀ ਸੁਰੱਖਿਆ ਕਵਰ ਹਟਾਉਣ ਦੀ ਗੱਲ ਕੀਤੀ ਸੀ ਤਾਂ ਉਦੋਂ ਕਿਹਾ ਸੀ ਕਿ ਸੀ.ਆਰ.ਪੀ.ਐੱਫ ਦੀ ਪੁਖਤਾ ਸੁਰੱਖਿਆ ਦਿੱਤੀ ਗਈ ਹੈ ਪਰ ਫਿਰ ਅਜਿਹੀ ਸਥਿਤੀ ਕਿਵੇਂ ਪੈਦਾ ਹੋਈ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ 7 ਲੋਕ ਕਿਸ ਤਰ੍ਹਾਂ ਨਾਲ ਪ੍ਰਿਯੰਕਾ ਗਾਂਧੀ ਦੀ ਰਿਹਾਇਸ਼ 'ਚ ਦਾਖਲ ਹੋ ਗਏ। ਐਂਟਨੀ ਨੇ ਕਿਹਾ ਸੀ ਕਿ ਜਿਸ ਪਰਿਵਾਰ ਨੇ 2 ਪ੍ਰਧਾਨ ਮੰਤਰੀ ਗੁਆਏ ਹੋਣ, ਉਸ ਪਰਿਵਾਰ ਦੀ ਸੁਰੱਖਿਆ 'ਚ ਚੂਕ ਠੀਕ ਨਹੀਂ ਹੈ। ਗਾਂਧੀ ਪਰਿਵਾਰ ਦੀ ਸੁਰੱਖਿਆ ਯਕੀਨੀ ਤੌਰ 'ਤੇ ਮੰਗ ਕਰਦੇ ਹੋਏ ਕਾਂਗਰਸ ਨੇਤਾ ਨੇ ਸਰਕਾਰ ਨੂੰ ਕਿਹਾ ਹੈ ਕਿ ਇਸ ਵਿਸ਼ੇ 'ਤੇ ਰਾਜਨੀਤੀ ਨਾ ਕਰੋ।

ਦੱਸਣਯੋਗ ਹੈ ਕਿ ਪ੍ਰਿਯੰਕਾ ਗਾਂਧੀ ਵਾਡਰਾ ਦੇ ਲੋਧੀ ਅਸਟੇਟ ਸਥਿਤ ਘਰ 'ਚ ਸੁਰੱਖਿਆ 'ਚ ਚੂਕ ਹੋਈ ਹੈ। 26 ਨਵੰਬਰ ਨੂੰ ਉਨ੍ਹਾਂ ਦੇ ਘਰ 'ਚ ਇਕ ਅਣਜਾਣ ਗੱਡੀ ਦਾਖਲ ਹੋਈ, ਜਿਸ 'ਚ ਕਈ ਲੋਕ ਸਵਾਰ ਸਨ। ਦੱਸਿਆ ਜਾਂਦਾ ਹੈ ਕਿ ਪ੍ਰਿਯੰਕਾ ਦੇ ਘਰ ਅੰਦਰ 3 ਔਰਤਾਂ ਅਤੇ 3 ਪੁਰਸ਼, ਇਕ ਬੱਚੇ ਨਾਲ ਦਾਖਲ ਹੋ ਗਏ ਸਨ, ਉਨ੍ਹਾਂ ਨੇ ਪ੍ਰਿਯੰਕਾ ਨਾਲ ਸੈਲਫੀ ਲੈਣ ਦੀ ਗੱਲ ਆਖੀ। ਓਧਰ ਪ੍ਰਿਯੰਕਾ ਦੇ ਦਫਤਰ ਨੇ ਆਈ. ਜੀ. ਸੀ. ਆਰ. ਪੀ. ਐੱਫ. ਨੂੰ ਲਿਖੀ ਇਕ ਚਿੱਠੀ ਵਿਚ ਸੁਰੱਖਿਆ 'ਚ ਢਿੱਲ ਹੋਣ ਦਾ ਬਿਓਰਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਨੇ ਪਿਛਲੇ ਮਹੀਨੇ ਹੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪਰਿਵਾਰ ਤੋਂ ਐੱਸ. ਪੀ. ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਵਾਪਸ ਲੈ ਲਈ ਸੀ। ਉਸ ਦੀ ਥਾਂ 'ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਜ਼ੈੱਡ ਪੱਲਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।


Iqbalkaur

Edited By Iqbalkaur