ਵੱਡੀ ਖ਼ਬਰ: 11 ਦਸੰਬਰ ਨੂੰ ਕਿਸਾਨ ਦਿੱਲੀ ਬਾਰਡਰਾਂ ਤੋਂ ਕਰਨਗੇ ਘਰ ਵਾਪਸੀ
Thursday, Dec 09, 2021 - 02:26 PM (IST)
ਨਵੀਂ ਦਿੱਲੀ— ਕਰੀਬ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੇ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਦਾ ਐਲਾਨ ਕੀਤਾ ਹੈ। ਮੋਰਚੇ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐਸ. ਪੀ.) ਗਰੰਟੀ ਕਾਨੂੰਨ ਸਮੇਤ ਕਿਸਾਨਾਂ ਦੀਆਂ ਬਾਕੀਆਂ ਪੈਂਡਿੰਗ ਮੰਗਾਂ ’ਤੇ ਸਰਕਾਰ ਨੇ ਜੋ ਤਜਵੀਜ਼ ਦਿੱਤੀ ਸੀ, ਉਸ ਨੂੰ ਕਿਸਾਨ ਮੋਰਚੇ ਨੇ ਮੰਨ ਲਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ
ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ 9 ਦਸੰਬਰ ਨੂੰ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ ਤੋਂ ਫਤਹਿ ਅਰਦਾਸ ਹੋਵੇਗੀ। 11 ਦਸੰਬਰ ਨੂੰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੋਂ ਸਵੇਰੇ 9:00 ਵਜੇ ਕਿਸਾਨ ਵਾਪਸੀ ਕਰਨਗੇ। 13 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਉੱਥੇ ਹੀ 15 ਦਸੰਬਰ ਨੂੰ ਪੰਜਾਬ ’ਚ ਚੱਲਦੇ ਮੋਰਚੇ ਖਤਮ ਕੀਤੇ ਜਾਣਗੇ।
ਇਹ ਵੀ ਪੜ੍ਹੋ : ਰੇਹੜੀ ’ਤੇ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ ਦੇ ਪੋਸਟਰ, ਪੰਜਾਬ ਤੋਂ ਟਿਕਰੀ ਬਾਰਡਰ ਤੱਕ ਪੈਦਲ ਨਿਕਲਿਆ ਇਹ ਸ਼ਖ਼ਸ
ਸੰਯੁਕਤ ਕਿਸਾਨ ਮੋਰਚੇ ਕੋਲ ਭਾਰਤ ਸਰਕਾਰ ਦੀ ਲਿਖਤੀ ਚਿੱਠੀ ਪਹੁੰਚੀ ਹੈ। ਕਿਸਾਨਾਂ ਨੇ ਇਸ ਅੰਦੋਲਨ ਨੂੰ ਵੱਡੀ ਜਿੱਤ ਅਤੇ ਇਤਿਹਾਸਕ ਜਿੱਤ ਦੱਸਿਆ ਹੈ।
ਓਧਰ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੇ ਵੀ ‘ਘਰ ਵਾਪਸੀ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਿੰਘੂ-ਟਿਕਰੀ ਬਾਰਡਰ ’ਤੇ ਪਿਛਲੇ 1 ਸਾਲ ਤੋਂ ਡਟੇ ਕਿਸਾਨ ਹੁਣ ਘਰਾਂ ਨੂੰ ਪਰਤਣਗੇ। ਕਿਸਾਨਾਂ ਨੇ ਬਾਰਡਰਾਂ ’ਤੇ ਬਣਾਏ ਆਪਣੇ ਟੈਂਟਾਂ ਨੂੰ ਉਖਾੜਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਹੈ, ਇਸ ਲਈ ਹੁਣ ਵਾਪਸੀ ਪਰਤ ਰਹੇ ਹਨ। ਦੱਸ ਦੇਈਏ ਕਿ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ’ਤੇ ਕਿਸਾਨ 26 ਨਵੰਬਰ 2020 ਤੋਂ ਡਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 19 ਨਵੰਬਰ 2021 ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਦੋ ਕਿਸਾਨਾਂ ਦੀ ਅਨੋਖੀ ਸੁੱਖਣਾ: ਇਕ ਪਹਿਨ ਰਿਹੈ ਕਾਲੇ ਕੱਪੜੇ, ਦੂਜੇ ਨੇ ਛੱਡੀ ਚੱਪਲ ਪਾਉਣੀ, ਜਾਣੋ ਕੀ ਹੈ ਮਾਮਲਾ