ਸ਼ਰਦ ਪਵਾਰ ਨੂੰ ਵੱਡਾ ਝਟਕਾ, ਅਜੀਤ ਧੜਾ ਹੀ ਅਸਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ

Wednesday, Feb 07, 2024 - 12:46 PM (IST)

ਨਵੀਂ ਦਿੱਲੀ, (ਏਜੰਸੀ)- ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਰਦ ਪਵਾਰ ਨੂੰ ਵੱਡਾ ਝਟਕਾ ਲੱਗਾ ਹੈ। ਕਿਉਂਕਿ, ਚੋਣ ਕਮਿਸ਼ਨ ਨੇ ਅਜੀਤ ਧੜੇ ਨੂੰ ਅਸਲੀ ਐੱਨ. ਸੀ. ਪੀ. ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਸਾਰੇ ਸਬੂਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਅਜੀਤ ਪਵਾਰ ਧੜੇ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਦੀ ਵਰਤੋਂ ਕਰਨ ਦਾ ਅਧਿਕਾਰ ਹੈ। ਹਾਲਾਂਕਿ ਕਮਿਸ਼ਨ ਨੇ ਸ਼ਰਦ ਪਵਾਰ ਨੂੰ ਨਵੀਂ ਪਾਰਟੀ ਬਣਾਉਣ ਲਈ 3 ਨਾਂ ਦੇਣ ਲਈ ਕਿਹਾ ਹੈ। ਇਹ ਨਾਂ ਬੁੱਧਵਾਰ ਦੁਪਹਿਰ 3 ਵਜੇ ਤੱਕ ਦੇਣੇ ਹੋਣਗੇ।

6 ਮਹੀਨਿਆਂ ਤੋਂ ਵੱਧ ਚੱਲੀਆਂ 10 ਤੋਂ ਵੱਧ ਸੁਣਵਾਈਆਂ ਤੋਂ ਬਾਅਦ ਚੋਣ ਕਮਿਸ਼ਨ ਨੇ ਐੱਨ. ਸੀ. ਪੀ. ’ਚ ਵਿਵਾਦ ਨੂੰ ਸੁਲਝਾਉਂਦੇ ਹੋਏ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਦੇ ਹੱਕ ਵਿਚ ਫੈਸਲਾ ਸੁਣਾਇਆ ਗਿਆ ਹੈ।

ਪਿਛਲੇ ਸਾਲ ਦੋ ਫਾੜ ਹੋਈ ਸੀ ਐੱਨ. ਸੀ. ਪੀ.

ਦੱਸ ਦਈਏ ਕਿ ਪਿਛਲੇ ਸਾਲ ਅਜੀਤ ਪਵਾਰ ਨੇ ਬਗਾਵਤ ਕਰਦੇ ਹੋਏ ਐੱਨ. ਸੀ. ਪੀ. ਨੂੰ ਦੋ ਫਾੜ ਕਰ ਦਿੱਤਾ ਸੀ। ਉਨ੍ਹਾਂ ਮਹਾਰਾਸ਼ਟਰ ਵਿਚ ਸ਼ਿੰਦੇ ਸਰਕਾਰ ਨੂੰ ਹਮਾਇਤ ਦਿੱਤੀ ਸੀ। ਅਜੀਤ ਨਾਲ ਕਈ ਵਿਧਾਇਕ ਵੀ ਸਰਕਾਰ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਅਜੀਤ ਨੇ ਪਾਰਟੀ ’ਤੇ ਅਧਿਕਾਰ ਦਾ ਦਾਅਵਾ ਕੀਤਾ ਸੀ ਅਤੇ ਆਪਣੇ ਧੜੇ ਨੂੰ ਅਸਲੀ ਐੱਨ. ਸੀ. ਪੀ. ਦੱਸਿਆ ਸੀ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਵੀ ਅਜੀਤ ਧੜੇ ਨੂੰ ਅਸਲੀ ਐੱਨ. ਸੀ. ਪੀ. ਕਰਾਰ ਦਿੱਤਾ ਸੀ। ਇਸ ਫੈਸਲੇ ਨੂੰ ਸ਼ਰਦ ਪਵਾਰ ਧੜੇ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ। ਉਥੇ ਹੁਣ ਚੋਣ ਕਮਿਸ਼ਨ ਨੇ ਵੀ ਅਜੀਤ ਧੜੇ ਨੂੰ ਹੀ ਅਸਲੀ ਐੱਨ. ਸੀ. ਪੀ. ਦੱਸਦੇ ਹੋਏ ਸ਼ਰਦ ਪਵਾਰ ਨੂੰ ਵੱਡਾ ਝਟਕਾ ਦਿੱਤਾ ਹੈ।


Rakesh

Content Editor

Related News