ਹੁੱਡਾ ਦੀ ਵਰਕਰਾਂ ਨੂੰ ਅਪੀਲ- ਮੇਰੇ ਜਨਮ ਦਿਨ ''ਤੇ ਲੋੜਵੰਦਾਂ ਨੂੰ ਮਾਸਕ, ਸੈਨੇਟਾਈਜ਼ਰ ਵੰਡੋ
Sunday, Sep 13, 2020 - 05:26 PM (IST)
ਹਰਿਆਣਾ— ਹਰਿਆਣਾ ਵਿਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ 15 ਸਤੰਬਰ ਨੂੰ ਜਨਮ ਦਿਨ ਹੈ। ਉਨ੍ਹਾਂ ਨੇ ਅੱਜ ਯਾਨੀ ਕਿ ਐਤਵਾਰ ਨੂੰ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ। ਹੁੱਡਾ ਨੇ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ 'ਤੇ ਪਾਰਟੀ ਦਫ਼ਤਰ ਜਾਂ ਦਿੱਲੀ ਆਵਾਸ 'ਤੇ ਆ ਕੇ ਸਮਾਰੋਹ ਦੀ ਬਜਾਏ ਆਪਣੇ-ਆਪਣੇ ਇਲਾਕਿਆਂ ਵਿਚ ਲੋੜਵੰਦਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੋ। ਹੁੱਡਾ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ, ਕਿਉਂਕਿ ਕੋਰੋਨਾ ਦਾ ਕਹਿਰ ਅਜੇ ਘੱਟ ਨਹੀਂ ਹੋਇਆ ਹੈ।
ਕਾਂਗਰਸ ਨੇਤਾ ਹੁੱਡਾ ਨੇ ਕਿਹਾ ਕਿ ਸਰਕਾਰ ਕੋਰੋਨਾ ਨੂੰ ਰੋਕਣ 'ਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਦੇਸ਼ ਪੂਰੀ ਦੁਨੀਆ 'ਚ ਦੂਜੇ ਨੰਬਰ 'ਤੇ ਪਹੁੰਚ ਚੁੱਕਾ ਹੈ। ਕਰੀਬ ਇਕ ਲੱਖ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਲੋਕ ਸਰਕਾਰ ਦੇ ਭਰੋਸੇ ਨਾ ਰਹਿ ਕੇ, ਖ਼ੁਦ ਜਿੰਨੀ ਸਾਵਧਾਨੀ ਵਰਤਣਗੇ, ਓਨਾਂ ਹੀ ਸਹੀ ਰਹੇਗਾ। ਦੱਸਣਯੋਗ ਹੈ ਕਿ ਕੋਰੋਨਾ ਦਾ ਕਹਿਰ ਹਰਿਆਣਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ 88 ਹਜ਼ਾਰ ਦੇ ਕਰੀਬ ਕੋਰੋਨਾ ਮਰੀਜ਼ਾਂ ਦਾ ਅੰਕੜਾ ਪੁੱਜ ਗਿਆ ਹੈ। ਜੇਕਰ ਗੱਲ ਪੂਰੇ ਦੇਸ਼ ਦੀ ਕੀਤੀ ਜਾਵੇ ਤਾਂ ਕੋਰੋਨਾ ਮਰੀਜ਼ਾਂ ਦਾ ਅੰਕੜਾ 47 ਲੱਖ ਨੂੰ ਪਾਰ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਦੇਸ਼ 'ਚ ਕੁੱਲ ਅੰਕੜਾ 47 ਲੱਖ ਦੇ ਪਾਰ, ਹੁਣ ਤੱਕ 78,586 ਲੋਕਾਂ ਦੀ ਮੌਤ