ਮਨ ’ਚ ਟੀਸ ਹੈ ਤਾਂ ਛੱਡ ਦਿਓ ਗਠਜੋੜ, ਕਿਉਂ ਲੋਕਾਂ ਨੂੰ ਭਟਕਾ ਤੇ ਮੂਰਖ ਬਣਾ ਰਹੇ ਹੋ : ਹੁੱਡਾ

06/11/2023 4:17:24 PM

ਸਿਰਸਾ- ਪਹਿਲਾਂ ‘ਭਾਰਤ ਜੋੜੋ ਯਾਤਰਾ’ ਅਤੇ ਹੁਣ ‘ਹਾਥ ਸੇ ਹਾਥ ਜੋੜੋ’ ਪ੍ਰੋਗਰਾਮ ਰਾਹੀਂ ਕਾਂਗਰਸ ਲਗਾਤਾਰ ਲੋਕਾਂ ਵਿਚਕਾਰ ਜਾ ਰਹੀ ਹੈ। ਹੁਣੇ ਜਿਹੇ ਹੋਈਆਂ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਤੇ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਕਾਂਗਰਸ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਹੁਣ ਹਰਿਆਣਾ ਕਾਂਗਰਸ ਦੇ ਨੇਤਾ ਵੀ ਕਹਿ ਰਹੇ ਹਨ ਕਿ ਸਾਲ 2024 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ’ਚ ਵੀ ਕਾਂਗਰਸ ਹੀ ਸਰਕਾਰ ਬਣਾਏਗੀ। ਸੂਬੇ ਵਿਚ ਗਠਜੋੜ ਸਰਕਾਰ ਨੂੰ ਲੈ ਕੇ ਵੀ ਲਗਾਤਾਰ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ। ਸੂਬੇ ’ਤੇ ਵਧਦੇ ਕਰਜ਼ੇ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਜਨਤਾ ਸਾਹਮਣੇ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸਰਕਾਰ ’ਤੇ ਹਮਲਾਵਰ ਰਹਿਣ ਵਾਲੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ‘ਜਗ ਬਾਣੀ’ ਦੇ ਦੀਪਕ ਬਾਂਸਲ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਅੰਸ਼ :

ਸਵਾਲ- ਭਾਜਪਾ-ਜਜਪਾ ਗਠਜੋੜ ਦੀ ਸਰਕਾਰ ਹਰਿਆਣਾ ਵਿਚ ਚੱਲ ਰਹੀ ਹੈ। ਮੁੱਖ ਮੰਤਰੀ ਕਹਿੰਦੇ ਹਨ ਕਿ ਇਹ ਸਰਕਾਰ ਭਾਜਪਾ ਦੀ ਹੈ, ਜਜਪਾ ਸਹਿਯੋਗ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ, ਕੀ ਗਠਜੋੜ ਵਿਚ ਕੁਝ ਠੀਕ ਨਹੀਂ ਚੱਲ ਰਿਹਾ?

ਜਵਾਬ- ਹਰਿਆਣਾ ਵਿਚ ਸਰਕਾਰ ਹੈ ਪਰ ਚੱਲ ਕਿੱਥੇ ਰਹੀ ਹੈ। ਜਦੋਂ ਸਰਕਾਰ ਕੋਈ ਕੰਮ ਹੀ ਨਹੀਂ ਕਰ ਰਹੀ ਅਤੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਤਾਂ ਕਿਹੋ ਜਿਹੀ ਗਠਜੋੜ ਦੀ ਸਰਕਾਰ। ਸਵਾਰਥ ਦਾ ਗਠਜੋੜ ਹੈ, ਨੀਤੀਆਂ ਦਾ ਨਹੀਂ। ਦੋਵੇਂ ਪਾਰਟੀਆਂ ਆਪੋ-ਆਪਣਾ ਸਵਾਰਥ ਪੂਰਾ ਕਰਨ ’ਚ ਲੱਗੀਆਂ ਹਨ। ਚੋਣਾਂ ਤੋਂ ਪਹਿਲਾਂ ਇਕ ਕਹਿ ਰਿਹਾ ਸੀ 75 ਪਾਰ, ਦੂਜਾ ਕਹਿ ਰਿਹਾ ਸੀ ਯਮੁਨਾ ਪਾਰ ਅਤੇ ਬਾਅਦ ’ਚ ਸਵਾਰਥ ਨੂੰ ਵੇਖਦੇ ਹੋਏ ਇਕੱਠੇ ਹੋ ਗਏ, ਜਿਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ।

ਸਵਾਲ- ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ 5100 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਲਗਾਤਾਰ ਕਰ ਰਹੇ ਹਨ। ਕਹਿੰਦੇ ਹਨ ਕਿ ਉਨ੍ਹਾਂ ਦੇ ਮਨ ਵਿਚ ਟੀਸ ਹੈ, ਜੇ 50 ਵਿਧਾਇਕ ਹੁੰਦੇ ਤਾਂ ਪੂਰੀ ਕਰਦੇ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?

ਮਨ ਵਿਚ ਟੀਸ ਹੈ ਤਾਂ ਛੱਡ ਦਿਓ ਗਠਜੋੜ, ਕਿਉਂ ਲੋਕਾਂ ਨੂੰ ਬਹਿਕਾ ਰਹੇ ਹੋ? ਸਵਾਰਥ ਕਾਰਨ ਲੋਕਾਂ ਨੂੰ ਮੂਰਖ ਬਣਾ ਰਹੇ ਹੋ। ਜਦੋਂ ਅਸੀਂ ਕਹਿ ਦਿੱਤਾ ਸੀ ਕਿ ਸਾਰੇ ਵਾਅਦੇ ਪੂਰੇ ਕਰਾਂਗੇ ਤਾਂ ਉਸ ਤੋਂ ਬਾਅਦ ਵੀ ਸਵਾਰਥ ਕਾਰਨ ਭਾਜਪਾ ਨਾਲ ਗਠਜੋੜ ਕੀਤਾ।

ਸਵਾਲ- ਕਾਂਗਰਸ ਵਿਚ ਧੜ੍ਹੇਬੰਦੀ ਦੀਆਂ ਗੱਲਾਂ ਲਗਾਤਾਰ ਸੁਣਨ ’ਚ ਆਉਂਦੀਆਂ ਹਨ, ਇਸ ’ਤੇ ਰੋਕ ਕਿਉਂ ਨਹੀਂ ਲੱਗਦੀ?

ਜਵਾਬ- ਕਾਂਗਰਸ ਵਿਚ ਕੋਈ ਧੜ੍ਹੇਬੰਦੀ ਨਹੀਂ ਹੈ, ਲੋਕਤੰਤਰ ਹੈ ਅਤੇ ਲੋਕਤੰਤਰ ਵਿਚ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਤੁਸੀਂ ਉਸ ਨੂੰ ਧੜ੍ਹੇਬੰਦੀ ਨਾਲ ਜੋੜ ਕੇ ਵੇਖ ਲੈਂਦੇ ਹੋ। ਸਾਰੇ ਨੇਤਾ ਆਪੋ-ਆਪਣੇ ਢੰਗ ਨਾਲ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਖਿਲਾਫ ਅਵਾਜ਼ ਉਠਾ ਰਹੇ ਹਨ।

ਸਵਾਲ- ਤੁਸੀਂ ਲਗਾਤਾਰ ਕਹਿੰਦੇ ਹੋ ਕਿ ਸੰਗਠਨ ਜਲਦੀ ਬਣੇਗਾ, ਕਈ ਸੂਬਾ ਪ੍ਰਧਾਨ ਬਦਲੇ ਗਏ ਪਰ 2014 ਤੋਂ ਸੰਗਠਨ ਨਹੀਂ ਬਣਿਆ?

ਜਵਾਬ- ਸੰਗਠਨ ਬਣਾਉਣਾ ਸੂਬਾ ਪ੍ਰਧਾਨ ਦੀ ਜ਼ਿੰਮਵਾਰੀ ਹੈ। ਮੇਰੀ ਉਨ੍ਹਾਂ ਨਾਲ ਗੱਲ ਹੋਈ ਹੈ ਅਤੇ ਹੁਣ ਜਲਦ ਹੀ ਸੰਗਠਨ ਬਣ ਜਾਵੇਗਾ।

ਸਵਾਲ- ਦੂਜੀਆਂ ਪਾਰਟੀਆਂ ਦੇ ਨੇਤਾ ਦੋਸ਼ ਲਾਉਂਦੇ ਹਨ ਕਿ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਅਤੇ ਪਾਰਟੀ ਵਿਚ ਖੁਦ ਦਾ ਕੰਪੀਟੀਸ਼ਨ ਖਤਮ ਕਰਨ ਲਈ ਕਾਂਗਰਸ ਦੇ ਨੇਤਾਵਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤਾ, ਕੀ ਕਹੋਗੇ?

ਜਵਾਬ- ਇਹ ਬਿਲਕੁਲ ਗਲਤ ਦੋਸ਼ ਹੈ। ਜਿਨ੍ਹਾਂ ਵੀ ਨੇਤਾਵਾਂ ਨੇ ਕਾਂਗਰਸ ਛੱਡੀ, ਆਪਣੇ ਸਵਾਰਥ ਲਈ ਛੱਡੀ। ਬੀਰੇਂਦਰ ਸਿੰਘ ਮੰਤਰੀ ਬਣਨ ਲਈ ਕਾਂਗਰਸ ਨੂੰ ਛੱਡ ਗਏ, ਜਦੋਂਕਿ ਕਾਂਗਰਸ ਨੇ ਤਾਂ ਚੋਣਾਂ ਵਿਚ ਹਾਰ ਜਾਣ ਤੋਂ ਬਾਅਦ ਵੀ ਰਾਜ ਸਭਾ ਮੈਂਬਰ ਬਣਾ ਦਿੱਤਾ ਸੀ। ਇਸੇ ਤਰ੍ਹਾਂ ਕੁਝ ਸਵਾਰਥ ਕਾਂਗਰਸ ਛੱਡਣ ਵਾਲੇ ਹੋਰ ਨੇਤਾਵਾਂ ਦੇ ਵੀ ਰਹੇ ਹਨ।

ਸਵਾਲ- ਜਦੋਂ ਕਾਂਗਰਸ ਨੇ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਤਾਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਪਹਿਲਾਂ ਖੁਦ ਨੂੰ ਤਾਂ ਜੋੜ ਲਵੋ, ਕਿੰਨੇ ਧੜੇ ਬਣੇ ਹਨ?

ਜਵਾਬ- ਭਾਰਤ ਜੋੜੋ ਯਾਤਰਾ ਦੌਰਾਨ ਸਾਰੇ ਕਾਂਗਰਸੀ ਇਕਜੁਟ ਸਨ ਅਤੇ ਇੰਨਾ ਹੀ ਨਹੀਂ, ਹਰ ਥਾਂ ’ਤੇ ਲੱਖਾਂ ਲੋਕਾਂ ਦੀ ਭੀੜ ਯਾਤਰਾ ਵਿਚ ਜੁੜ ਰਹੀ ਸੀ ਅਤੇ ਉਸੇ ਦੀ ਘਬਰਾਹਟ ਵਿਚ ਵਿਰੋਧੀ ਅਜਿਹੀਆਂ ਗੱਲਾਂ ਕਹਿ ਰਹੇ ਹਨ।

ਸਵਾਲ- ਅਨਿਲ ਵਿਜ ਤਾਂ ਤੁਹਾਡੀ ਕਾਲ ਰਿਕਾਰਡਿੰਗ ਕਢਵਾਉਣ ਤਕ ਬਾਰੇ ਕਹਿ ਰਹੇ ਹਨ ਕਿ ਤੁਸੀਂ ਕੁਮਾਰੀ ਸ਼ੈਲਜਾ, ਸੁਰਜੇਵਾਲਾ ਨਾਲ ਕਿੰਨੀ ਗੱਲ ਕਰਦੇ ਹਨ, ਇਸ ਦਾ ਪਤਾ ਲੱਗ ਜਾਵੇਗਾ। ਉਹ ਕਹਿੰਦੇ ਹਨ ਕਿ ਤੁਸੀਂ ਇਕ-ਦੂਜੇ ਨਾਲ ਗੱਲ ਹੀ ਨਹੀਂ ਕਰਦੇ?

ਜਵਾਬ- ਬੇਸ਼ੱਕ ਕਢਵਾ ਕੇ ਵੇਖ ਲਓ, ਜਦੋਂ ਲੋੜ ਹੁੰਦੀ ਹੈ ਤਾਂ ਖੂਬ ਗੱਲਾਂ ਹੁੰਦੀਆਂ ਹਨ। ਵਿਜ ਸੀ. ਐੱਮ. ਨਾਲ ਕਿੰਨੀ ਗੱਲ ਕਰਦੇ ਹਨ, ਜੇ ਗੱਲ ਕਰਦੇ ਹਨ ਤਾਂ ਫਿਰ ਬੈਠਕਾਂ ਵਿਚ ਕਿਉਂ ਨਹੀਂ ਜਾਂਦੇ?

ਸਵਾਲ- ਅਭੈ ਚੌਟਾਲਾ ਅਤੇ ਹੋਰ ਪਾਰਟੀਆਂ ਦੇ ਨੇਤਾ ਕਹਿੰਦੇ ਹਨ ਕਿ ਭੁਪਿੰਦਰ ਹੁੱਡਾ ਤਾਂ ਕਾਂਗਰਸ ਦੀ ਬੀ ਟੀਮ ਦੇ ਰੂਪ ਵਿਚ ਕੰਮ ਕਰ ਰਹੇ ਹਨ, ਤੁਸੀਂ ਕੀ ਕਹੋਗੇ?

ਜਵਾਬ- ਸਾਰਿਆਂ ਨੂੰ ਪਤਾ ਹੈ ਕਿ ਬੀ ਟੀਮ ਦੇ ਰੂਪ ਵਿਚ ਕੌਣ ਕੰਮ ਕਰ ਰਿਹਾ ਹੈ, ਕਿਸ ਨੇ ਕਿਸ ਨੂੰ ਵੋਟ ਦਿੱਤੀ, ਇਹ ਵੀ ਸਾਰਿਆਂ ਨੂੰ ਪਤਾ ਹੈ।

ਸਵਾਲ- ‘ਵਿਪਕਸ਼ ਆਪਕੇ ਸਮਕਸ਼’ ਪ੍ਰੋਗਰਾਮ ਦਾ ਕਿਹੋ ਜਿਹਾ ਰਿਸਪਾਂਸ ਹੈ, ਸਾਰੇ ਵਿਧਾਇਕ ਨਹੀਂ ਆਉਂਦੇ?

ਜਵਾਬ- ‘ਵਿਪਕਸ਼ ਆਪਕੇ ਸਮਕਸ਼’ ਪ੍ਰੋਗਰਾਮ ਦਾ ਬਹੁਤ ਚੰਗਾ ਰਿਸਪਾਂਸ ਹੈ। ਹਰ ਵਰਗ ਦੇ ਲੋਕ ਸਰਕਾਰ ਤੋਂ ਪ੍ਰੇਸ਼ਾਨ ਹਨ ਕਿਉਂਕਿ ਕੋਈ ਵੀ ਉਨ੍ਹਾਂ ਦੀ ਸੁਣਨ ਵਾਲਾ ਨਹੀਂ ਹੈ। ਜ਼ਰੂਰੀ ਨਹੀਂ ਕਿ ਮੌਕੇ ’ਤੇ ਸਾਰੇ ਨੇਤਾ ਪਹੁੰਚਣ। ਕਈ ਵਾਰ ਕੁਝ ਜ਼ਰੂਰੀ ਕਾਰਨ ਹੁੰਦੇ ਹਨ ਅਤੇ ਇਸ ਕਾਰਨ ਨਹੀਂ ਪਹੁੰਚ ਸਕਦੇ।

ਕਾਂਗਰਸ ਨੂੰ ਸਹਾਰੇ ਦੀ ਲੋੜ ਨਹੀਂ

ਸਵਾਲ- ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਸਾਡੀ ਸਿਆਸੀ ਈਰਖਾ ਕਿਸੇ ਦੇ ਨਾਲ ਨਹੀਂ ਹੈ ਅਤੇ ਇਸ ਸੱਤਾ ਨੂੰ ਬਦਲਣ ਲਈ ਅਸੀਂ ਕਿਸੇ ਦੇ ਨਾਲ ਵੀ ਜਾਣ ਨੂੰ ਤਿਆਰ ਹਾਂ, ਤੁਹਾਡੇ ਨਾਲ ਵੀ, ਕੀ ਸੋਚਦੇ ਹੋ, ਕੀ ਕਾਂਗਰਸ ਇਕੱਲੀ ਹੀ ਕਾਫ਼ੀ ਹੈ?

ਜਵਾਬ- ਕਾਂਗਰਸ ’ਚ ਆਪਣੇ ਦਮ ’ਤੇ ਚੋਣ ਜਿੱਤਣ ਦੀ ਸਮਰੱਥਾ ਹੈ। ਉਸ ਨੂੰ ਸਹਾਰੇ ਦੀ ਲੋੜ ਨਹੀਂ।

ਸਵਾਲ- ਇਨੈਲੋ ਪਰਿਵਰਤਨ ਪੈਦਲ ਯਾਤਰਾ ਕਰ ਰਹੀ ਹੈ। ਤੁਸੀਂ ਉਸ ਦਾ ਕੋਈ ਫਾਇਦਾ ਵੇਖਦੇ ਹੋ?

ਜਵਾਬ- ਚੰਗੀ ਗੱਲ ਹੈ। ਕੋਈ ਪੈਦਲ ਯਾਤਰਾ ਕਰ ਰਿਹਾ ਹੈ ਤਾਂ ਕੋਈ ਕਾਰ ਯਾਤਰਾ, ਲੋਕਾਂ ਵਿਚਕਾਰ ਜਾਣਾ ਚੰਗੀ ਗੱਲ ਹੈ।

ਸਵਾਲ- ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰੋਗਰਾਮ ਵਿਚ ਕਈ ਜਗ੍ਹਾ ਨਾਰਾਜ਼ਗੀ ਦੇਖਣ ਨੂੰ ਮਿਲੀ, ਜਦੋਂਕਿ ਭਾਜਪਾ ਅਤੇ ਸੀ. ਐੱਮ. ਇਸ ਦੀ ਕਾਫ਼ੀ ਪ੍ਰਸ਼ੰਸਾ ਕਰ ਰਹੇ ਹਨ ਕਿ ਸਫਲ ਪ੍ਰੋਗਰਾਮ ਹੈ, ਕੀ ਕਹੋਗੇ?

ਜਵਾਬ- ਹੁਣ ਜਾ ਕੇ ਲੋਕਾਂ ਦੀ ਯਾਦ ਆਈ? ਹੁਣ ਤਾਂ ਸਾਰੀ ਖੇਡ ਖਤਮ ਹੋ ਚੁੱਕੀ ਹੈ। ਜੋ ਮਰਜ਼ੀ ਕਰ ਲਵੋ, ਲੋਕਾਂ ਨੂੰ ਸਾਰੀ ਅਸਲੀਅਤ ਪਤਾ ਲੱਗ ਚੁੱਕੀ ਹੈ।

ਸਵਾਲ- ਅੰਬਾਲਾ ਲੋਕ ਸਭਾ ਦੀ ਉਪ-ਚੋਣ ਹੋਣੀ ਹੈ, ਕਾਂਗਰਸ ਦਾ ਉਮੀਦਵਾਰ ਕੌਣ ਰਹੇਗਾ?

ਜਵਾਬ- ਕਾਂਗਰਸ ਅੰਬਾਲਾ ਲੋਕ ਸਭਾ ਉਪ-ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜੋ ਵੀ ਕਾਂਗਰਸੀ ਉਮੀਦਵਾਰ ਹੋਵੇਗਾ, ਉਹ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰੇਗਾ।

ਸਵਾਲ- ਸਾਲ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਰਿਆਣਾ ’ਚ ਕਾਂਗਰਸ ਦੀ ਕੀ ਕਾਗੁਜ਼ਾਰੀ ਵੇਖਦੇ ਹੋ? ਕਿੰਨੀਆਂ ਸੀਟਾਂ ਹੋਣੀਆਂ? ਕਾਂਗਰਸ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਕੌਣ ਹੋਵੇਗਾ?

ਜਵਾਬ- ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਾਂਗਰਸ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਮੁੱਖ ਮੰਤਰੀ ਦਾ ਫੈਸਲਾ ਵਿਧਾਇਕ ਅਤੇ ਪਾਰਟੀ ਹਾਈਕਮਾਨ ਕਰੇਗਾ।

ਸਵਾਲ- ਸਾਢੇ 9 ਸਾਲ ਤਕ ਤੁਸੀਂ ਮੁੱਖ ਮੰਤਰੀ ਰਹੇ ਹੋ। 9 ਸਾਲ ਇਸ ਸਰਕਾਰ ਨੂੰ ਵੀ ਹੋਣ ਵਾਲੇ ਹਨ। ਕੀ ਫਰਕ ਵੇਖਦੇ ਹੋ?

ਜਵਾਬ- ਸਾਡੇ ਸਮੇਂ ਵਿਚ ਹਰਿਆਣਾ ਪ੍ਰਤੀ ਵਿਅਕਤੀ ਕਮਾਈ, ਨਿਵੇਸ਼ ਅਤੇ ਹੋਰ ਖੇਤਰਾਂ ਵਿਚ ਨੰਬਰ ਇਕ ਸੀ ਅਤੇ ਇਸ ਸਰਕਾਰ ਵਿਚ ਅਪਰਾਧ, ਮਹਿੰਗਾਈ, ਬੇਰੋਜ਼ਗਾਰੀ, ਕਿਸਾਨਾਂ ’ਤੇ ਲਾਠੀਚਾਰਜ, ਕਰਜ਼ਿਆਂ ਦੇ ਮਾਮਲੇ ਵਿਚ ਨੰਬਰ ਇਕ ਹੈ। ਹਰਿਆਣਾ ਹਰ ਖੇਤਰ ਵਿਚ ਪੱਛੜ ਗਿਆ ਹੈ। ਨਾਨ-ਪ੍ਰਫਾਰਮਿੰਗ ਸਰਕਾਰ ਹੈ।

ਸਵਾਲ- ਤੁਸੀਂ 6,000 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕਰ ਰਹੇ ਹੋ। ਜੇ ਸਰਕਾਰ ਬਣੀ ਤਾਂ ਸੂਬੇ ਦੀ ਹਾਲਤ ਨੂੰ ਵੇਖਦੇ ਹੋਏ ਕੀ ਇਹ ਸੰਭਵ ਨਜ਼ਰ ਆਉਂਦਾ ਹੈ?

ਜਵਾਬ- ਬਿਲਕੁਲ ਸੰਭਵ ਹੈ, ਇਕੋ ਕਲਮ ਨਾਲ ਕਿਸਾਨਾਂ ਦੇ 1500 ਕਰੋਡ਼ ਰੁਪਏ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਸਨ ਤਾਂ ਇਸੇ ਤਰ੍ਹਾਂ 6,000 ਰੁਪਏ ਪੈਨਸ਼ਨ ਵੀ ਇਕੋ ਕਲਮ ਨਾਲ ਦੇ ਦਿੱਤੀ ਜਾਵੇਗੀ। ਘਪਲਿਆਂ ਵਿਚ ਜਿੰਨਾ ਪੈਸਾ ਗਿਆ, ਜੇ ਉਸ ਲੀਕੇਜ ਨੂੰ ਰੋਕ ਦਿੱਤਾ ਜਾਵੇ ਤਾਂ ਪੈਨਸ਼ਨ ਵੀ ਦੇ ਦਿੱਤੀ ਜਾਵੇਗੀ।

ਖਿਡਾਰੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ

ਸਵਾਲ- ਪਰਿਵਾਰ ਪਛਾਣ ਪੱਤਰ ਨੂੰ ਤੁਸੀਂ ਪ੍ਰੇਸ਼ਾਨ ਪੱਤਰ ਕਹਿੰਦੇ ਹੋ, ਅਜਿਹਾ ਕਿਉਂ ?

ਜਵਾਬ- ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਮੈਂ ਪ੍ਰੇਸ਼ਾਨ ਪੱਤਰ ਕਹਿੰਦਾ ਹਾਂ। ਕਿਸੇ ਦੀ ਪੈਨਸ਼ਨ ਕੱਟੀ ਗਈ ਤਾਂ ਕਿਸੇ ਦਾ ਰਾਸ਼ਨ ਕਾਰਡ। ਜਦੋਂ ਲੋਕ ਪ੍ਰੇਸ਼ਾਨ ਹਨ ਤਾਂ ਉਸ ਸਿਸਟਮ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਸਵਾਲ- ਤੁਸੀਂ ਪੋਰਟਲ ਦਾ ਵੀ ਬਹੁਤ ਵਿਰੋਧ ਕਰ ਰਹੇ ਹੋ, ਕੀ ਵਜ੍ਹਾ ਹੈ?

ਜਵਾਬ- ਜੇ ਪੋਰਟਲ ਸਮੱਸਿਆ ਦਾ ਕਾਰਣ ਬਣ ਜਾਵੇ ਤਾਂ ਉਸ ਦਾ ਵਿਰੋਧ ਨਾ ਕਰੀਏ ਤਾਂ ਕੀ ਕਰੀਏ। ਮੇਰੀ ਫਸਲ, ਮੇਰਾ ਪੋਰਟਲ ਦੀ ਕੀ ਲੋੜ ਹੈ, ਕੀ ਪਹਿਲਾਂ ਫਸਲ ਨਹੀਂ ਵਿਕਦੀ ਸੀ, ਕਿਸਾਨਾਂ ਨੂੰ ਫਸਲਾਂ ਦੀ ਪੇਮੈਂਟ ਨਹੀਂ ਮਿਲਦੀ ਸੀ? ਜਦੋਂ ਪਹਿਲਾਂ ਮਿਲ ਰਹੀ ਸੀ ਤਾਂ ਪੋਰਟਲ ਦੀ ਬਜਾਏ ਵਿਵਸਥਾ ਨੂੰ ਰਫਤਾਰ ਦੇਣ ਦੀ ਕੋਸ਼ਿਸ਼ ਕਰਦੇ। ਅੱਧਾ ਸਮਾਂ ਪੋਰਟਲ ਚੱਲਦੇ ਨਹੀਂ। ਲੋਕ ਮੰਡੀਆਂ ਵਿਚ ਉਡੀਕ ਕਰਦੇ ਰਹਿ ਜਾਂਦੇ ਹਨ। ਪ੍ਰਾਪਰਟੀ ਆਈ. ਡੀ. ਦੀਆਂ ਗਲਤੀਆਂ ਠੀਕ ਕਰਵਾਉਣ ਲਈ ਲੋਕ ਦਫਤਰਾਂ ਦੇ ਚੱਕਰ ਕੱਟ ਰਹੇ ਹਨ, ਕੋਈ ਸੁਣਨ ਵਾਲਾ ਨਹੀਂ।

ਸਵਾਲ- ਕਿਸਾਨ ਸੂਰਜਮੁਖੀ ਦੀ ਫਸਲ ’ਤੇ ਐੱਮ. ਐੱਸ. ਪੀ. ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ, ਕੀ ਕਹੋਗੇ?

ਜਵਾਬ- ਕਾਂਗਰਸ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਵਾਉਣਾ ਕਿੱਥੋਂ ਤਕ ਸਹੀ ਹੈ? ਸਰਕਾਰ ਨੂੰ ਸੂਰਜਮੁਖੀ ਦੀ ਖਰੀਦ ਐੱਮ. ਐੱਸ. ਪੀ. ’ਤੇ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਸਵਾਲ- ਪਹਿਲਵਾਨਾਂ ਦਾ ਅੰਦੋਲਨ ਜਾਰੀ ਹੈ। ਹਾਲਾਂਕਿ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਅਤੇ ਹੁਣ ਕੁਝ ਸਮੇਂ ਲਈ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ। ਕੀ ਤੁਸੀਂ ਮੰਨਦੇ ਹੋ ਕਿ ਹੁਣ ਖਿਡਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲ ਜਾਵੇਗਾ ਅਤੇ ਬ੍ਰਿਜਭੂਸ਼ਣ ਸ਼ਰਨ ਦੀ ਗ੍ਰਿਫਤਾਰੀ ਹੋਵੋਗੀ?

ਜਵਾਬ- ਮੇਰਾ ਤਾਂ ਇਹੀ ਕਹਿਣਾ ਹੈ ਕਿ ਖਿਡਾਰੀਆਂ ਨੂੰ ਇਨਸਫ ਮਿਲਣਾ ਚਾਹੀਦਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਮੈਡਲ ਲਿਆਉਣ ਵਾਲੀਆਂ ਬੇਟੀਆਂ ਨੂੰ ਅੰਦੋਲਨ ਕਰਨਾ ਪਿਆ, ਮੈਡਲ ਗੰਗਾ ਵਿਚ ਵਹਾਉਣ ਦੀ ਕੋਸ਼ਿਸ਼ ਤਕ ਕਰਨੀ ਪਈ।


Rakesh

Content Editor

Related News