ਭੋਪਾਲ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Saturday, Jun 18, 2022 - 11:56 AM (IST)

ਭੋਪਾਲ (ਵਾਰਤਾ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਲੋਕ ਸਭਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਫ਼ੋਨ 'ਤੇ ਇਕ ਅਣਜਾਣ ਵਿਅਕਤੀ ਵਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੰਸਦ ਮੈਂਬਰ ਨੇ ਇਸ ਮਾਮਲੇ 'ਚ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸੂਤਰਾਂ ਅਨੁਸਾਰ ਪ੍ਰਗਿਆ ਠਾਕੁਰ ਨੂੰ ਸ਼ੁੱਕਰਵਾਰ ਦੇਰ ਰਾਤ ਇਹ ਧਮਕੀ ਭਰਿਆ ਫ਼ੋਨ ਆਇਆ। ਉਨ੍ਹਾਂ ਨੇ ਇਸ ਫ਼ੋਨ ਦੀ ਰਿਕਾਰਡਿੰਗ ਪੁਲਸ ਨੂੰ ਉਪਲੱਬਧ ਕਰਵਾਉਂਦੇ ਹੋਏ ਸ਼ਨੀਵਾਰ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ।
ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਅੰਡਰਵਰਲਡ ਨਾਲ ਜੁੜਿਆ ਹੋਇਆ ਦੱਸਦੇ ਹੋਏ ਠਾਕੁਰ ਦਾ ਕਤਲ ਕਰਨ ਦੀ ਧਮਕੀ ਦਿੱਤੀ। ਪ੍ਰਗਿਆ ਦੀ ਇਸ ਪੂਰੀ ਗੱਲਬਾਤ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫ਼ੋਨ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਇਕਬਾਲ ਕਾਸਕਰ ਦਾ ਆਦਮੀ ਦੱਸਦਾ ਹੈ। ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਿਹਾ ਹੈ ਕਿ ਪ੍ਰਗਿਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਉਹ ਵਿਅਕਤੀ ਇਹ ਵੀ ਕਹਿ ਰਿਹਾ ਹੈ ਕਿ ਪ੍ਰਗਿਆ ਦਾ ਕਤਲ ਹੋਣ ਵਾਲਾ ਹੈ ਅਤੇ ਉਹ ਇਸ ਗੱਲ ਬਾਰੇ ਉਨ੍ਹਾਂ ਨੂੰ ਸੂਚਨਾ ਦੇ ਰਿਹਾ ਹੈ।