ਮਹਾਦੇਵ ਨੂੰ ਖੁਸ਼ ਕਰਨ ਦਾ ਅਨੋਖਾ ਢੰਗ, ਸ਼ਰਧਾਲੂਆਂ ਨੇ 15 ਲੱਖ ਰੁਪਏ ਦੇ ਨੋਟਾਂ ਨਾਲ ਕੀਤਾ ਸ਼ਿੰਗਾਰ
Tuesday, Aug 17, 2021 - 12:01 PM (IST)
ਭੋਪਾਲ— ਮਹਾਦੇਵ ਨੂੰ ਖੁਸ਼ ਕਰਨ ਲਈ ਸ਼ਰਧਾਲੂ ਤਰ੍ਹਾਂ-ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਰਾਜਧਾਨੀ ਭੋਪਾਲ ਵਿਚ ਮਹਾਦੇਵ ਨੂੰ ਖੁਸ਼ ਕਰਨ ਲਈ ਸਜਾਵਟ ਦੀ ਵੱਖਰੀ ਤਸਵੀਰ ਸਾਹਮਣੇ ਆਈ ਹੈ। ਸ਼ਰਧਾਲੂਆਂ ਨੇ ਮਹਾਦੇਵ ਦੇ ਸ਼ਿੰਗਾਰ ’ਚ 15 ਲੱਖ ਰੁਪਏ ਦੇ ਨੋਟਾਂ ਦਾ ਚੜ੍ਹਾਵਾ ਚੜ੍ਹਾਇਆ ਹੈ। ਇਹ ਤਸਵੀਰਾਂ ਭੋਪਾਲ ਦੇ ਗਿੰਨੌਰੀ ਸਥਿਤ ਸੰਕਟਹਰਨ ਮਹਾਦੇਵ ਮੰਦਰ ਦੀਆਂ ਹਨ, ਜਿੱਥੇ ਸ਼ਰਧਾਲੂਆਂ ਨੇ ਨੋਟਾਂ ਨਾਲ ਮਹਾਦੇਵ ਦਾ ਸ਼ਿੰਗਾਰ ਕੀਤਾ।
ਮਹਾਦੇਵ ਨੂੰ 50,100, 200, 500 ਅਤੇ 2000 ਰੁਪਏ ਦੇ ਨੋਟ ਇਕੱਠੇ ਕਰ ਕੇ ਸ਼ਿੰਗਾਰ ਕੀਤਾ ਗਿਆ। ਰਾਠੌੜ ਸੰਘ ਦੀ ਕਮੇਟੀ ਨੇ 15 ਲੱਖ ਰੁਪਏ ਦੇ ਨੋਟ ਇਕੱਠੇ ਕਰ ਕੇ ਮਹਾਦੇਵ ਨੂੰ ਚੜ੍ਹਾਏ ਹਨ। ਓਧਰ ਰਾਠੌੜ ਸੰਘ ਦੇ ਪ੍ਰਧਾਨ ਮੁਕੇਸ਼ ਰਾਠੌੜ ਨੇ ਦੱਸਿਆ ਕਿ 30 ਲੋਕਾਂ ਨੇ ਮਿਲ ਕੇ ਇੰਨੀ ਰਾਸ਼ੀ ਇਕੱਠੀ ਕੀਤੀ। ਕਿਸੇ ਨੇ 25 ਤਾਂ ਕਿਸੇ ਨੇ 35 ਅਤੇ ਕਿਸੇ ਨੇ 50,000 ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦਿੱਤੀ ਹੈ। ਮਹਾਦੇਵ ਦੇ ਇਸ ਵੱਖਰੇ ਸ਼ਿੰਗਾਰ ਲਈ 4 ਤੋਂ 5 ਘੰਟੇ ਦਾ ਸਮਾਂ ਲੱਗਾ, ਜਦਕਿ ਸੇਵਾ ਕਮੇਟੀ ਦਾ ਕਹਿਣਾ ਹੈ ਕਿ ਮਹਾਦੇਵ ਨੂੰ ਚੜ੍ਹਾਈ ਗਈ 15 ਲੱਖ ਰੁਪਏ ਦੀ ਰਾਸ਼ੀ ਸੇਵਾ ਕੰਮਾਂ ’ਤੇ ਖਰਚ ਕੀਤੀ ਜਾਵੇਗੀ।
ਦਰਅਸਲ ਸਾਉਣ ਦੇ ਆਖ਼ਰੀ ਸੋਮਵਾਰ ਯਾਨੀ ਕਿ ਬੀਤੇ ਕੱਲ੍ਹ ਸ਼ਿਵ ਮੰਦਰਾਂ ਵਿਚ ਵਿਸ਼ੇਸ਼ ਪੂਜਾ ਆਯੋਜਿਤ ਕੀਤੀ ਗਈ ਪਰ ਸ਼ਿਵ ਮੰਦਰਾਂ ਵਿਚ ਖ਼ਾਸ ਸਜਾਵਟ ਕੀਤੀ ਗਈ ਸੀ। ਭਗਵਾਨ ਭੋਲੇਨਾਥ ਨੂੰ ਖੁਸ਼ ਕਰਨ ਲਈ ਸ਼ਰਧਾਲੂਆਂ ਨੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਵੀ ਅਪਣਾਏ ਅਤੇ ਉਨ੍ਹਾਂ ’ਚੋਂ ਇਕ ਅਨੋਖਾ ਤਰੀਕਾ ਭੋਪਾਲ ਦੇ ਸੰਕਟਹਰਨ ਮਹਾਦੇਵ ਮੰਦਰ ਤੋਂ ਸਾਹਮਣੇ ਆਇਆ ਹੈ, ਜਿਸ ਵਿਚ ਵੱਖ-ਵੱਖ ਕਤਾਰਾਂ ਵਿਚ ਨੋਟਾਂ ਨੂੰ ਰੱਖ ਕੇ ਮਹਾਦੇਵ ਦਾ ਸ਼ਿੰਗਾਰ ਕੀਤਾ ਗਿਆ।