122 ਲੋਕਾਂ ਦੀ ਮੌਤ ਤੋਂ ਬਾਅਦ ਬੋਲਿਆ ਭੋਲੇ ਬਾਬਾ, ''ਮੈਂ ਤਾਂ ਪਹਿਲਾਂ ਹੀ ਚਲਾ ਗਿਆ ਸੀ''
Thursday, Jul 04, 2024 - 04:11 AM (IST)
ਨਵੀਂ ਦਿੱਲੀ- ਹਾਥਰਸ 'ਚ ਸਤਿਸੰਗ ਦੌਰਾਨ ਭਾਜੜ ਮਚਣ ਕਾਰਨ 122 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਕਈ ਲੋਕ ਅਜੇ ਵੀ ਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਦਾਖਲ ਹਨ। ਇਸ ਵਿਚਕਾਰ ਪਹਿਲੀ ਵਾਰ ਘਟਨਾ ਨੂੰ ਲੈ ਕੇ ਭੋਲੇ ਬਾਲਾ ਉਰਫ ਨਾਰਾਇਣ ਸਾਕਾਰ ਹਰੀ ਦਾ ਬਿਆਨ ਸਾਹਮਣੇ ਆਇਆ ਹੈ। ਭੋਲੇ ਬਾਬਾ ਨੇ ਬਿਆਰ ਜਾਰੀ ਕਰਦੇ ਹੋਏ ਘਟਨਾ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਹੈ ਅੇਤ ਦਾਅਵਾ ਕੀਤਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਦੁਆਰਾ ਭਾਜੜ ਮਚਾਈ ਗਈ ਅਤੇ ਉਨ੍ਹਾਂ ਦੇ ਖਇਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਰਾਇਣ ਸਾਕਾਰ ਹਰੀ ਉਰਫ਼ ਭੋਲੇ ਬਾਬਾ ਨੇ ਆਪਣੇ ਵਕੀਲ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਏ.ਪੀ. ਸਿੰਘ ਨੂੰ ਭਾਜੜ ਮਚਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ। ਮੈਂ 2 ਜੁਲਾਈ ਨੂੰ ਪਿੰਡ ਫਉਲਾੜੀ, ਸਿੰਕਦਰਰਾਊ, ਹਾਥਰਸ ਵਿਖੇ ਆਯੋਜਿਤ ਸਤਿਸੰਗ ਤੋਂ ਕਾਫੀ ਸਮਾਂ ਪਹਿਲਾਂ ਹੀ ਚਲਾ ਗਿਆ ਸੀ।
ਦੱਸ ਦੇਈਏ ਕਿ ਹਾਥਰਸ ਭਾਜੜ ਮਾਮਲੇ 'ਚ ਯੂ.ਪੀ. ਪੁਲਸ ਨੇ ਸਤਿਸੰਗ ਦੇ ਪ੍ਰਬੰਧਕਾਂ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਦੋਸ਼ ਹੈ ਕਿ ਇਸ ਪ੍ਰੋਗਰਾਮ 'ਚ 80 ਹਜ਼ਾਰ ਲੋਕਾਂ ਨੂੰ ਇਕੱਠੇ ਕਰਨ ਦੀ ਮਨਜ਼ੂਰੀ ਸੀ ਪਰ ਢਾਈ ਲੱਖ ਲੋਕ ਇਕੱਠੇ ਹੋ ਗਏ ਸਨ। ਹਾਲਾਂਕਿ, ਐੱਫ.ਆਈ.ਆਰ. 'ਚ ਭੋਲੇ ਬਾਬਾ ਦਾ ਨਾਂ ਦਰਜ਼ ਨਹੀਂ ਹੈ। ਐੱਫ.ਆਈ.ਆਰ. 'ਚ ਦੋਸ਼ ਲਗਾਇਆ ਹੈ ਕਿ ਪ੍ਰਬੰਧਕਾਂ ਨੇ ਮਨਜ਼ੂਰੀ ਮੰਗਦੇ ਸਮੇਂ ਸਤਿਸੰਗ 'ਚ ਆਉਣ ਵਾਲੇ ਭਗਤਾਂ ਦੀ ਅਸਲ ਗਿਣਤੀ ਲੁਕਾਈ, ਟ੍ਰੈਫਿਕ ਮੈਨੇਜਮੈਂਟ 'ਚ ਮਦਦ ਨਹੀਂ ਕੀਤੀ ਅਤੇ ਭਾਜੜ ਤੋਂ ਬਾਅਦ ਸਬੂਤ ਲੁਕਾਏ।
ਐੱਫ.ਆਈ.ਆਰ. ਮੁਤਾਬਕ ਭਾਜੜ ਉਸ ਸਮੇਂ ਮੱਚ ਗਈ, ਜਦੋਂ ਦੁਪਹਿਰ 2 ਵਜੇ ਭੋਲੇ ਬਾਬਾ ਆਪਣੀ ਕਾਰ ਵਿੱਚ ਉੱਥੋਂ ਜਾ ਰਿਹਾ ਸੀ। ਜਿੱਥੋਂ ਵੀ ਗੱਡੀ ਲੰਘ ਰਹੀ ਸੀ, ਉਸ ਦੇ ਭਗਤਾਂ ਨੇ ਮਿੱਟੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ਵਿੱਚ ਲੱਖਾਂ ਦੀ ਬੇਕਾਬੂ ਭੀੜ ਨੇ ਮੱਥਾ ਟੇਕਣ ਬੈਠੇ ਸ਼ਰਧਾਲੂਆਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ ਅਤੇ ਚੀਕ-ਚਿਹਾੜਾ ਪੈ ਗਿਆ। ਐੱਫ.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਦੂਜੇ ਪਾਸੇ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਪਾਣੀ ਅਤੇ ਚਿੱਕੜ ਨਾਲ ਭਰੇ ਖੇਤਾਂ ਵਿੱਚ ਚੱਲ ਰਹੀ ਭੀੜ ਨੂੰ ਕਰੀਬ ਤਿੰਨ ਫੁੱਟ ਡੂੰਘੇ ਸੋਟਿਆਂ ਨਾਲ ਰੋਕ ਦਿੱਤਾ, ਜਿਸ ਕਾਰਨ ਭੀੜ ਵਧਦੀ ਗਈ ਅਤੇ ਔਰਤਾਂ ਅਤੇ ਬੱਚੇ ਕੁਚਲਦੇ ਗਏ।
ਇਸ ਮਾਮਲੇ 'ਚ ਬਾਬੇ ਦੇ ਮੁੱਖ ਸੇਵਕ ਦੇਵਪ੍ਰਕਾਸ਼ ਮਧੁਕਰ ਅਤੇ ਹੋਰ ਪ੍ਰਬੰਧਕਾਂ ਦੇ ਖਿਲਾਫ ਸਿਕੰਦਰਾਊ ਥਾਣੇ 'ਚ ਐੱਫ.ਆਈ.ਆਰ. ਵਿੱਚ ਧਾਰਾ 105 (ਗੈਰ-ਇਰਾਦਤਨ ਕਤਲ), 110 (ਦੈਕ-ਇਰਾਦਤਨ ਕਤਲ ਦੀ ਕੋਸ਼ਿਸ਼), 126 (2) (ਗਲਤ ਤਰੀਕੇ ਨਾਲ ਰੋਕਣਾ), 223 (ਸਰਕਾਰੀ ਹੁਕਮਾਂ ਦੀ ਉਲੰਘਣਾ), 238 (ਸਬੂਤ ਨੂੰ ਛੁਪਾਉਣਾ) ਦੇ ਤਹਿਤ ਦੋਸ਼ ਲਗਾਏ ਗਏ ਹਨ।