ਭਾਜਪਾ ਵਿਧਾਇਕ ਨੇ ਕੁਲੈਕਟਰ ’ਤੇ ਤਾਣਿਆ ਮੁੱਕਾ
Thursday, Aug 28, 2025 - 12:02 AM (IST)

ਭਿੰਡ, (ਭਾਸ਼ਾ)- ਮੱਧ ਪ੍ਰਦੇਸ਼ ਦੇ ਭਿੰਡ ਵਿਚ ਖਾਦ ਦੀ ਸਮੱਸਿਆ ਨੂੰ ਲੈ ਕੇ ਇਕ ਪ੍ਰਦਰਸ਼ਨ ਦੌਰਾਨ ਬੁੱਧਵਾਰ ਨੂੰ ਇਕ ਸਥਾਨਕ ਭਾਜਪਾ ਵਿਧਾਇਕ ਅਤੇ ਜ਼ਿਲਾ ਮੈਜਿਸਟ੍ਰੇਟ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ ਅਤੇ ਸਥਿਤੀ ਇੰਨੀ ਵਿਗੜ ਗਈ ਕਿ ਵਿਧਾਇਕ ਨੇ ਕੁਲੈਕਟਰ ’ਤੇ ਮੁੱਕਾ ਤੱਕ ਤਾਣ ਲਿਆ। ਭਿੰਡ ਸਦਰ ਤੋਂ ਭਾਜਪਾ ਵਿਧਾਇਕ ਨਰਿੰਦਰ ਸਿੰਘ ਕੁਸ਼ਵਾਹਾ ਅਤੇ ਕੁਲੈਕਟਰ ਸੰਜੀਵ ਸ਼੍ਰੀਵਾਸਤਵ ਵਿਚਕਾਰ ਇਸ ਦੌਰਾਨ ਦੋਸ਼-ਪ੍ਰਤੀਦੋਸ਼ ਦਾ ਦੌਰ ਵੀ ਚੱਲਿਆ, ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਕਥਿਤ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕਿ ਝਗੜੇ ਦੌਰਾਨ ਕੁਲੈਕਟਰ ਕੁਸ਼ਵਾਹਾ ਨੂੰ ਆਪਣੀ ਹੱਦ ਵਿਚ ਰਹਿਣ ਲਈ ਕਹਿੰਦਾ ਹੈ, ਜਿਸ ਦੇ ਜਵਾਬ ਵਿਚ ਭਾਜਪਾ ਵਿਧਾਇਕ ਉਸ ’ਤੇ ਮੁੱਕਾ ਤਾਣ ਲੈਂਦਾ ਹੈ ਅਤੇ ਕਹਿੰਦਾ ਹੈ ‘ਤੂੰ ਜਾਣਦਾ ਨਹੀਂ ਮੈਨੂੰ’। ਕੁਸ਼ਵਾਹਾ ਨੇ ਕਿਹਾ ਕਿ ਉਹ ਕੁਝ ਕਿਸਾਨਾਂ ਨਾਲ ਖਾਦ ਦੀ ਸਮੱਸਿਆ ਨੂੰ ਲੈ ਕੇ ਕੁਲੈਕਟਰ ਨੂੰ ਿਮਲਣ ਲਈ ਉਨ੍ਹਾਂ ਦੇ ਬੰਗਲੇ ’ਤੇ ਗਏ ਸਨ ਅਤੇ ਜਦੋਂ ਉਹ ਉਨ੍ਹਾਂ ਨੂੰ ਮਿਲਣ ਲਈ ਬਾਹਰ ਨਹੀਂ ਆਏ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਕੁਲੈਕਟਰ ਸੰਜੀਵ ਸ੍ਰੀਵਾਸਤਵ ਗੇਟ ’ਤੇ ਆਏ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਗੇਟ ਬੰਦ ਕਰਨ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਵਿਵਾਦ ਵਧ ਗਿਆ। ਵੀਡੀਓ ਵਿਚ ਕੁਲੈਕਟਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮੈਂ ਰੇਤ ਚੋਰੀ ਨਹੀਂ ਹੋਣ ਦਿਆਂਗਾ, ਜਿਸ ’ਤੇ ਵਿਧਾਇਕ ਨੇ ਜਵਾਬ ਦਿੱਤਾ ਕਿ ‘ਸਭ ਤੋਂ ਵੱਡਾ ਚੋਰ ਤੂੰ ਹੈ’?