MBA ਨੌਜਵਾਨ ਨੂੰ ਸੈਲਿਊਟ! ਕੋਰੋਨਾ ਕਾਲ ’ਚ ਕਰ ਚੁੱਕਾ ਹੈ 100 ਤੋਂ ਵਧੇਰੇ ਲਾਸ਼ਾਂ ਦਾ ਅੰਤਿਮ ਸੰਸਕਾਰ
Monday, May 03, 2021 - 04:17 PM (IST)
ਨੈਸ਼ਨਲ ਡੈਸਕ— ਆਂਧਰਾ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹਸਪਤਾਲਾਂ ਵਿਚ ਪਈਆਂ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਤੱਕ ਪਹੁੰਚਾਉਣ ’ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਕਟ ਦੀ ਇਸ ਘੜੀ ਵਿਚ ਰਾਜਾਮਹੇਂਦਰਵਰਮ ਦੇ ਰਹਿਣ ਵਾਲੇ ਭਰਤ ਰਾਘਵ ਨੇ ਕੋਵਿਡ ਮਰੀਜ਼ਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦਾ ਬੀੜਾ ਚੁੱਕਿਆ ਹੈ। 27 ਸਾਲ ਦੇ ਭਰਤ ਰਾਘਵ ਨੇ ਐੱਮ. ਬੀ. ਏ. ਕੀਤੀ ਹੋਈ ਹੈ ਅਤੇ ਇਸ ਸਮੇਂ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਹੁਣ ਤੱਕ ਘੱਟੋ-ਘੱਟ 110 ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਰਨ ਵਾਲਾ ਮਰੀਜ਼ ਜਿਸ ਧਰਮ ਦਾ ਹੋਵੇ, ਉਸ ਦੇ ਧਰਮ ਦੀਆਂ ਅੰਤਿਮ ਰਸਮਾਂ ਦੇ ਹਿਸਾਬ ਨਾਲ ਸਸਕਾਰ ਦੀ ਵਿਵਸਥਾ ਕੀਤੀ ਜਾਂਦੀ ਹੈ।
ਰਾਘਵ ਨੇ ਦੱਸਿਆ ਕਿ ਉਨ੍ਹਾਂ ਦੀ ਪੜ੍ਹਾਈ ਦੇ ਦਿਨਾਂ ਵਿਚ ਉਨ੍ਹਾਂ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਸੀ। ਉਨ੍ਹਾਂ ਕੋਲ ਪੈਸੇ ਹੀ ਨਹੀਂ ਸਨ ਕਿ ਉਹ ਆਪਣੇ ਪਿਤਾ ਦੀ ਲਾਸ਼ ਨੂੰ ਵਿਸ਼ਾਖਾਪਟਨਮ ਤੋਂ ਰਾਜਾਮਹੇਂਦਰਵਰਮ ਲੈ ਕੇ ਆ ਸਕਣ। ਅਜਿਹੇ ਵਿਚ ਪੂਰਾ ਇਕ ਦਿਨ ਉਨ੍ਹਾਂ ਦੇ ਪਿਤਾ ਦੀ ਲਾਸ਼ ਅੰਤਿਮ ਸੰਸਕਾਰ ਲਈ ਰੱਖੀ ਗਈ। ਇਸ ਘਟਨਾ ਨੇ ਰਾਘਵ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਰਾਘਵ ਨੇ ਕਿਸੇ ਵੀ ਸ਼ਖਸ ਦੀ ਸਨਮਾਨਪੂਰਵਕ ਅੰਤਿਮ ਵਿਦਾਈ ਲਈ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।
ਭਰਤ ਰਾਘਵ ਪੇਸ਼ੇ ਤੋਂ ਟਰਾਂਸਪੋਰਟ ਹਨ। ਰਾਘਵ ਹਸਪਤਾਲ ਤੋਂ ਲਾਸ਼ ਨੂੰ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਲਈ ਵਾਹਨ, ਪੀ. ਪੀ. ਈ. ਕਿੱਟ ਅਤੇ ਅੰਤਿਮ ਸੰਸਕਾਰ ’ਤੇ ਹੋਣ ਵਾਲਾ ਸਾਰਾ ਖਰਚਾ ਖ਼ੁਦ ਚੁੱਕਦੇ ਹਨ। ਇਸ ਲਈ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਲਿਆ ਜਾਂਦਾ। ਉਹ ਇਸ ਸਮੇਂ ਛੋਟੇ ਜਿਹੇ ਗਰੁੱਪ ਨਾਲ ਸੇਵਾ ਭਾਵਨਾ ਤੋਂ ਇਸ ਮਿਸ਼ਨ ਨੂੰ ਅੰਜ਼ਾਮ ਦੇ ਰਹੇ ਹਨ। ਭਰਤ ਕਹਿੰਦੇ ਹਨ ਕਿ ਉਨ੍ਹਾਂ ਤੋਂ ਜਿੱਥੋਂ ਤੱਕ ਹੋ ਸਕਦਾ ਹੈ ਉਹ ਸਮਾਜ ਲਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।