ਹਰਿਆਣਾ ਪੁੱਜੀ ਭਾਰਤ ਜੋੜੋ ਯਾਤਰਾ ਦਾ ਹੋਇਆ ਸ਼ਾਨਦਾਰ ਤੇ ਰਵਾਇਤੀ ਸਵਾਗਤ
Thursday, Dec 22, 2022 - 01:02 PM (IST)
ਚੰਡੀਗੜ੍ਹ (ਬਾਂਸਲ)– ਰਾਜਸਥਾਨ ਤੋਂ ਹੋ ਕੇ ਹਰਿਆਣਾ ਸੀਮਾ ਵਿਚ ਦਾਖਲ ਹੁੰਦੇ ਹੀ ਭਾਰਤ ਜੋੜੋ ਯਾਤਰਾ ਦਾ ਜ਼ੋਰਦਾਰ ਢੰਗ ਨਾਲ ਸ਼ਾਨਦਾਰ ਅਤੇ ਰਵਾਇਤੀ ਸਵਾਗਤ ਹੋਇਆ। ਕੜਾਕੇ ਦੀ ਠੰਡ ਅਤੇ ਧੁੰਦ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਦੇਰ ਰਾਤ ਤੋਂ ਹੀ ਲੋਕ ਮੁੰਡਕਾ ਬਾਰਡਰ ’ਤੇ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਪੁੱਜਣ ਲੱਗੇ ਅਤੇ ਸਵੇਰੇ 6 ਵਜੇ ਤੱਕ ਝੰਡਾ ਟਰਾਂਸਫਰ ਅਤੇ ਸਵਾਗਤ ਸਭਾ ਵਿਚ ਬਹੁਤ ਵੱਡਾ ਇਕੱਠ ਹੋਇਆ। ਹਰਿਆਣਾ ਦੀ ਸਿਆਸਤ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਦਸੰਬਰ ਦੇ ਮਹੀਨੇ ਦੀ ਕੜਾਕੇ ਦੀ ਸਰਦੀ ਵਿਚ ਸਵੇਰੇ 6 ਵਜੇ ਰੈਲੀ ਹੋਈ ਹੈ।
ਭਾਰਤ ਜੋੜੋ ਯਾਤਰਾ ਦੇ ਬੇਮਿਸਾਲ ਸਵਾਗਤ ਤੋਂ ਹੈਰਾਨ ਦਿਖੇ ਰਾਹੁਲ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਯਾਤਰਾ ਕਰੋੜਾਂ ਕਿਸਾਨਾਂ, ਮਜ਼ਦੂਰਾਂ, ਬੇਰੋਜ਼ਗਾਰ ਨੌਜਵਾਨਾਂ ਅਤੇ ਮਹਿੰਗਾਈ ਤੋਂ ਪ੍ਰਭਾਵਿਤ ਆਮ ਜਨਤਾ ਦੀ ਹੈ। ਦੇਸ਼ ਵਿਚ ਅੱਜ 2 ਸਭ ਤੋਂ ਵੱਡੇ ਮੁੱਦੇ ਹਨ, ਜਿਨ੍ਹਾਂ ਨਾਲ ਹਿੰਦੁਸਤਾਨ ਪ੍ਰਭਾਵਿਤ ਹੋ ਰਿਹਾ ਹੈ, ਦਰਦ ਹੋ ਰਿਹਾ ਹੈ। ਪਹਿਲਾ ਬੇਰੋਜ਼ਗਾਰੀ ਅਤੇ ਦੂਜਾ ਮਹਿੰਗਾਈ।
ਨੋਟਬੰਦੀ, ਜੀ. ਐੱਸ. ਟੀ. ਛੋਟੇ ਵਪਾਰੀਆਂ ਨੂੰ ਮਾਰਨ ਦੇ ਹਥਿਆਰ ਹਨ, ਜਿਸ ਕਾਰਨ ਹਿੰਦੁਸਤਾਨ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਘੱਟ ਕਰਨੀ ਹੈ ਅਤੇ ਬੇਰੋਜ਼ਗਾਰੀ ਨੂੰ ਖਤਮ ਕਰਨਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਆਓ ਮਿਲ ਕੇ ਹਰਿਆਣਾ ਵਿਚ ਕਦਮ ਨਾਲ ਕਦਮ ਮਿਲਾ ਕੇ ਚੱਲੀਏ। ਇਸ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ ਮੁੱਖ ਰੂਪ ਵਿਚ ਮੌਜੂਦ ਰਹੇ। ਪਹਿਲੇ ਦਿਨ ਰਾਹੁਲ ਗਾਂਧੀ ਨੇ ਸਾਬਕਾ ਫੌਜੀਆਂ ਨਾਲ ਮੁਲਾਕਾਤ ਕੀਤੀ ਅਤੇ ਲਗਭਗ ਇਕ ਘੰਟੇ ਤੱਕ ਉਨ੍ਹਾਂ ਨਾਲ ਵਿਸਤਾਰ ਨਾਲ ਚਰਚਾ ਕੀਤੀ।
ਰਾਹੁਲ ਗਾਂਧੀ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਵਾਂਗੇ : ਹੁੱਡਾ
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਵਿਚ 2 ਚੀਜ਼ਾਂ ਪ੍ਰਸਿੱਧ ਹਨ ਪਹਿਲਾ ਦੁੱਧ-ਦਹੀ ਦਾ ਖਾਣਾ, ਦੇਸਾਂ ਵਿਚ ਦੇਸ ਹਰਿਆਣਾ ਅਤੇ ਦੂਜਾ ਜੈ ਜਵਾਨ, ਜੈ ਕਿਸਾਨ, ਜੈ ਪਹਿਲਵਾਨ ਮਤਲਬ ਸਾਡੇ ਖਿਡਾਰੀ ਜਿਨ੍ਹਾਂ ’ਤੇ ਸਾਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਜਨਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਪੂਰੀ ਹਮਾਇਤ ਦੇਵੇਗੀ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਏਗੀ। ਅੱਜ ਹਰਿਆਣਾ ਦੀ ਹਾਲਤ ਸਭ ਦੇ ਸਾਹਮਣੇ ਹੈ। ਭਾਰਤ ਜੋੜੋ ਯਾਤਰਾ ਦੌਰਾਨ ਸਾਰਿਆਂ ਖੱਡਿਆਂ ਵਾਲੀ ਸੜਕ ਦੇਖੀ। ਸਾਢੇ 8 ਸਾਲਾਂ ਵਿਚ ਸੂਬੇ ਦੀ ਸਰਕਾਰ ਸੜਕਾਂ ਦੀ ਮੁਰੰਮਤ ਤੱਕ ਨਹੀਂ ਕਰਵਾ ਸਕੀ।