ਭਾਰਤ ਬਾਇਓਟੈਕ ਦੀ ਸਾਂਝੇਦਾਰ ਓਕਿਊਜੇਨ ਨੇ ਕੈਨੇਡਾ ''ਚ ਕੋਵੈਕਸਿਨ ਲਈ ਮਨਜ਼ੂਰੀ ਮੰਗੀ
Saturday, Jul 17, 2021 - 12:41 PM (IST)
ਹੈਦਰਾਬਾਦ (ਏਜੰਸੀ) - ਕੋਵਿਡ -19 ਟੀਕੇ ਲਈ ਅਮਰੀਕਾ ਅਤੇ ਕੈਨੇਡਾ ਵਿਚ ਭਾਰਤ ਬਾਇਓਟੈਕ ਦੀ ਸਾਂਝੇਦਾਰ ਓਕਿਊਜੇਨ ਇੰਕ ਨੇ ਟੀਕੇ ਨੂੰ ਮਨਜ਼ੂਰੀ ਦਿਵਾਉਣ ਲਈ ਹੈਲਥ ਕੈਨੇਡਾ ਨੂੰ ਬਿਨੈ-ਪੱਤਰ ਦਿੱਤਾ ਹੈ। ਅਮਰੀਕੀ ਕੰਪਨੀ ਨੇ ਇਕ ਰੈਗੂਲੇਟਰੀ ਨੋਟਿਸ ਵਿਚ ਇਹ ਜਾਣਕਾਰੀ ਦਿੱਤੀ। 'ਹੈਲਥ ਕੈਨੇਡਾ' ਕੈਨੇਡਾ ਸਰਕਾਰ ਦਾ ਇਕ ਵਿਭਾਗ ਹੈ ਜੋ ਰਾਸ਼ਟਰੀ ਸਿਹਤ ਨੀਤੀ ਲਈ ਜ਼ਿੰਮੇਵਾਰ ਹੈ। ਜਾਣਕਾਰੀ ਅਨੁਸਾਰ ਇਹ ਕਦਮ ਭਾਰਤ ਬਾਇਓਟੈਕ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਤੋਂ ਬਾਅਦ ਚੁੱਕਿਆ ਗਿਆ ਹੈ।
ਇਸ ਕਲੀਨਿਕਲ ਟ੍ਰਾਇਲ ਨਾਲ ਕਰੀਬ 25,800 ਬਾਲਗਾਂ ਵਿਚ ਟੀਕੇ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਦਾ ਪਤਾ ਲੱਗਾਹੈ। ਹੈਲਥ ਕੈਨੇਡਾ ਨੂੰ ਬਿਨੈ ਪੱਤਰ ਰੋਲਿੰਗ ਸਮੀਖਿਆ ਲਈ ਸੌਂਪਿਆ ਗਿਆ ਹੈ, ਜਿਸਦੇ ਨਾਲ ਕੈਨੇਡਾ ਸਰਕਾਰ ਦਾ ਇਹ ਵਿਭਾਗ ਤੁਰੰਤ ਟੀਕੇ ਦੀ ਸਮੀਖਿਆ ਸ਼ੁਰੂ ਕਰ ਸਕਦਾ ਹੈ। ਓਕਿਊਜੇਨ ਨੇ ਆਪਣੀ ਸਹਾਇਕ ਕੰਪਨੀ ਵੈਕਸੀਜਨ ਲਿਮੀਟਡ ਜ਼ਰੀਏ ਬਿਨੈ-ਪੱਤਰ ਦਿੱਤਾ ਹੈ। ਹੈਲਥ ਕੈਨੇਡਾ ਟੀਕੇ ਦੀ ਸੁਰੱਖਿਆ, ਕਾਰਜਕੁਸ਼ਲਤਾ ਅਤੇ ਕੁਆਲਿਟੀ ਦੇ ਸਮਰਥਨ ਲਈ ਪੇਸ਼ ਕੀਤੇ ਗਏ ਸਬੂਤਾਂ ਦੀ ਸਮੀਖਿਆ ਦੇ ਅਧਾਰ 'ਤੇ ਫੈਸਲਾ ਲਵੇਗੀ।