ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ''ਤੇ ਅੱਜ ''ਭਾਰਤ ਬੰਦ'' ਦਾ ਐਲਾਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

Friday, Mar 26, 2021 - 08:52 AM (IST)

ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ''ਤੇ ਅੱਜ ''ਭਾਰਤ ਬੰਦ'' ਦਾ ਐਲਾਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਕਈ ਸੰਗਠਨਾਂ ਨਾਲ ਮਿਲ ਕੇ ਸ਼ੁੱਕਰਵਾਰ ਮਤਲਬ ਕਿ ਅੱਜ 'ਭਾਰਤ ਬੰਦ' ਦਾ ਸੱਦਾ ਦਿੱਤਾ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਰੇਲ ਅਤੇ ਸੜਕ ਆਵਾਜਾਈ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਤੇ ਬਜ਼ਾਰ ਵੀ ਬੰਦ ਰਹਿਣਗੇ। 5 ਚੋਣ ਸੂਬਿਆਂ ’ਚ ਇਹ ਬੰਦ ਨਹੀਂ ਹੋਵੇਗਾ। ਸੰਯੁਕਤ ਕਿਸਾਨ ਮੋਰਚੇ ਅਨੁਸਾਰ ਪੂਰੇ ਦੇਸ਼ ’ਚ ਬੰਦ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਤੱਕ ਚੱਲੇਗਾ, ਜੋ ਦਿੱਲੀ ਦੀਆਂ 3 ਸਰਹੱਦਾਂ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ’ਤੇ ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ’ਤੇ ਕੀਤਾ ਜਾ ਰਿਹਾ ਹੈ। ਸੀਨੀਅਰ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੜਕ ਅਤੇ ਰੇਲ ਆਵਾਜਾਈ ਨੂੰ ਰੋਕਿਆ ਜਾਵੇਗਾ। ਰਾਸ਼ਟਰੀ ਰਾਜਧਾਨੀ ’ਚ ਵੀ ਬੰਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 'ਪ੍ਰਸ਼ਾਂਤ ਕਿਸ਼ੋਰ' ਨੇ ਪਹਿਲੀ ਵਾਰ ਬਣੇ ਕਾਂਗਰਸੀ ਵਿਧਾਇਕਾਂ ਨਾਲ ਕੀਤੀ ਮੀਟਿੰਗ, ਲਿਆ ਫੀਡਬੈਕ

ਰਾਜੇਵਾਲ ਨੇ ਕਿਹਾ ਕਿ ਸੰਗਠਿਤ ਅਤੇ ਗੈਰ-ਸੰਗਠਿਤ ਖੇਤਰਾਂ ਨਾਲ ਜੁੜੀਆਂ ਟ੍ਰੇਡ ਯੂਨੀਅਨਾਂ ਨੇ ਭਾਰਤ ਬੰਦ ਦੇ ਕਿਸਾਨਾਂ ਦੇ ਸੱਦੇ ਨੂੰ ਆਪਣਾ ਸਮਰਥਨ ਦਿੱਤਾ ਹੈ। ਰਾਜੇਵਾਲ ਨੇ ਕਿਹਾ ਕਿ ਹਾਲਾਂਕਿ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਬੰਦ ਦੌਰਾਨ ਇਜਾਜ਼ਤ ਹੋਵੇਗੀ। ਉੱਧਰ ਦੇਸ਼ ਦੇ 8 ਕਰੋੜ ਵਪਾਰੀਆਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਨੇ ਕਿਹਾ ਕਿ 26 ਮਾਰਚ ਨੂੰ ਬਜ਼ਾਰ ਖੁੱਲ੍ਹੇ ਰਹਿਣਗੇ ਕਿਉਂਕਿ ਉਹ ‘ਭਾਰਤ ਬੰਦ’ ’ਚ ਸ਼ਾਮਲ ਨਹੀਂ ਹਨ। ਸੰਗਠਨ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਅਸੀਂ ਭਾਰਤ ਬੰਦ ’ਚ ਸ਼ਾਮਲ ਨਹੀਂ ਹੋ ਰਹੇ ਹਾਂ। ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਬਜ਼ਾਰ ਖੁੱਲ੍ਹੇ ਰਹਿਣਗੇ। ਜਾਰੀ ਅੜਿੱਕੇ ਦਾ ਹੱਲ ਸਿਰਫ ਗੱਲਬਾਤ ਰਾਹੀਂ ਹੀ ਕੀਤਾ ਜਾ ਸਕਦਾ ਹੈ। ਖੇਤੀ ਕਾਨੂੰਨਾਂ ’ਚ ਸੋਧ ’ਤੇ ਚਰਚਾ ਹੋਣੀ ਚਾਹੀਦੀ ਹੈ, ਜੋ ਮੌਜੂਦਾ ਖੇਤੀ ਨੂੰ ਲਾਭਦਾਇਕ ਬਣਾ ਸਕਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ : Improvment Trust ਦੇ ਚੇਅਰਮੈਨ ਤੇ EO ਕੋਰੋਨਾ ਪਾਜ਼ੇਟਿਵ, ਦਫ਼ਤਰ 2 ਦਿਨਾਂ ਲਈ ਬੰਦ
ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਇਸ ਦੌਰਾਨ ਸੜਕ ਆਵਾਜਾਈ ਬੰਦ ਕਰਨ ਦੀ ਯੋਜਨਾ ਹੈ। ਦੁਕਾਨਾਂ, ਮਾਲ, ਬਜ਼ਾਰ ਅਤੇ ਡੇਅਰੀ ਵਰਗੀਆਂ ਥਾਵਾਂ ਨੂੰ ਬੰਦ ਰੱਖਿਆ ਜਾਵੇਗਾ। ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਜਨਤਕ ਥਾਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਪੈਟਰੋਲ ਪੰਪ, ਮੈਡੀਕਲ ਸਟੋਰ, ਐਂਬੂਲੈਂਸ ਆਦਿ ਵਰਗੀਆਂ ਸੇਵਾਵਾਂ ਨੂੰ ਛੋਟ ਰਹੇਗੀ।

ਇਹ ਵੀ ਪੜ੍ਹੋ : ਡਰੱਗ ਕੇਸ 'ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ,  ਲੁਧਿਆਣਾ ਦੇ ਸਾਬਕਾ DIG ਸਣੇ 5 ਅਫ਼ਸਰ ਮੁਅੱਤਲ
ਭਾਰਤ ਬੰਦ ਦੀਆਂ ਮੁੱਖ ਮੰਗਾਂ ਹੇਠ ਲਿਖੀਆਂ ਹਨ.

  •  ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੋ
  •  ਐੱਮ.ਐੱਸ.ਪੀ. ਅਤੇ ਖਰੀਦ 'ਤੇ ਕਾਨੂੰਨ ਬਣਾਓ
  •  ਕਿਸਾਨਾਂ ਖ਼ਿਲਾਫ਼ ਸਾਰੇ ਪੁਲਸ ਕੇਸ ਰੱਦ ਕੀਤੇ ਜਾਣ
  •  ਬਿਜਲੀ ਬਿੱਲ ਅਤੇ ਪ੍ਰਦੂਸ਼ਣ ਬਿੱਲ ਵਾਪਸ ਕਰੋ
  •  ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਨੂੰ ਘਟਾਓ

ਭਾਰਤ ਬੰਦ ਕਰ ਰਹੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਾਂਤਮਈ ਹੁੰਦਿਆਂ ਇਸ ਬੰਦ ਨੂੰ ਸਫਲ ਬਣਾਉਣ।  ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਬਹਿਸ ਵਿਚ ਸ਼ਾਮਲ ਨਾ ਹੋਵੋ। ਇਹ ਕਿਸਾਨਾਂ ਦੇ ਸਬਰ ਦਾ ਨਤੀਜਾ ਹੈ ਕਿ ਲਹਿਰ ਇੰਨੀ ਲੰਬੀ ਚੱਲੀ ਹੈ ਅਤੇ ਸਾਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ।
ਨੋਟ : ਕਿਸਾਨਾਂ ਵੱਲੋਂ 'ਭਾਰਤ ਬੰਦ' ਦੇ ਸੱਦੇ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
 


author

Babita

Content Editor

Related News