ਬੰਗਾਲ ’ਚ ਸਭ ਤੋਂ ਵੱਡਾ ਸਮੂਹਿਕ ਗੀਤਾ ਪਾਠ, ਲੱਖਾਂ ਹਿੰਦੂ ਜੁਟੇ

Monday, Dec 08, 2025 - 12:30 AM (IST)

ਬੰਗਾਲ ’ਚ ਸਭ ਤੋਂ ਵੱਡਾ ਸਮੂਹਿਕ ਗੀਤਾ ਪਾਠ, ਲੱਖਾਂ ਹਿੰਦੂ ਜੁਟੇ

ਕੋਲਕਾਤਾ, (ਭਾਸ਼ਾ)– ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸੂਬਾ ‘ਧਾਰਮਿਕ ਹੰਕਾਰ’ ਨੂੰ ਖਤਮ ਕਰਨ ਲਈ ਤਿਆਰ ਹੈ। ਉਨ੍ਹਾਂ ਮੁਰਸ਼ਿਦਾਬਾਦ ’ਚ ਇਕ ਦਿਨ ਪਹਿਲਾਂ ਬਾਬਰੀ ਮਸਜਿਦ ਦੀ ਨੀਂਹ ਰੱਖੇ ਜਾਣ ਦੀ ਘਟਨਾ ਵੱਲ ਇਸ਼ਾਰਾ ਕੀਤਾ। ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ ਨੇ ਸ਼ਨੀਵਾਰ ਨੂੰ ਮੁਰਸ਼ਿਦਾਬਾਦ ਦੇ ਰੇਜੀਨਗਰ ’ਚ ਅਯੁੱਧਿਆ ਦੀ ਬਾਬਰੀ ਮਸਜਿਦ ਦੀ ਤਰਜ਼ ’ਤੇ ਇਕ ਮਸਜਿਦ ਦਾ ਨੀਂਹ-ਪੱਥਰ ਰੱਖਿਆ।

ਬੋਸ ਨੇ ਬ੍ਰਿਗੇਡ ਪਰੇਡ ਗਰਾਊਂਡ ’ਚ ਗੀਤਾ ਪਾਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬਾ ਭ੍ਰਿਸ਼ਟਾਚਾਰ ਨੂੰ ਵੀ ਖਤਮ ਕਰਨ ਲਈ ਤਿਆਰ ਹੈ। ਉਨ੍ਹਾਂ ਵੱਖ-ਵੱਖ ਧਾਰਮਿਕ ਗ੍ਰੰਥਾਂ ਦਾ ਪਾਠ ਕਰਦੇ ਹੋਏ ਕਿਹਾ, ‘‘ਪੱਛਮੀ ਬੰਗਾਲ ਧਾਰਮਿਕ ਹੰਕਾਰ ਨੂੰ ਖਤਮ ਕਰਨ ਲਈ ਤਿਆਰ ਹੈ।’’

ਰਾਜਪਾਲ ਨੇ ਬਿਨਾਂ ਕਿਸੇ ਵਿਅਕਤੀ ਤੇ ਕਿਸੇ ਪ੍ਰੋਗਰਾਮ ਦਾ ਨਾਂ ਲਏ ਕਿਹਾ ਕਿ ਉਨ੍ਹਾਂ ਸ਼ਨੀਵਾਰ ਨੂੰ ਮੁਰਸ਼ਿਦਾਬਾਦ ’ਚ ਕੁਝ ਘਟਨਾ ਵਾਪਰਦੇ ਹੋਏ ਵੇਖੀ।

ਰਾਜਪਾਲ ਨੇ ਭਗਵਦ ਗੀਤਾ ਦਾ ਪਾਠ ਕਰਦੇ ਹੋਏ ਕਿਹਾ, ‘‘ਪਰਿਤ੍ਰਾਣਾਯ ਸਾਧੂਨਾਮ ਵਿਨਾਸ਼ਾਯ ਚ ਦੁਸ਼ਕ੍ਰਿਤਾਮ, ਧਰਮ-ਸੰਸਥਾਪਨਾਰਥਾਯ ਸੰਭਵਾਮਿ ਯੁਗੇ ਯੁਗੇ’, ਜਿਸ ਤੋਂ ਭਾਵ ਹੈ–‘ਧਰਮਾਤਾਵਾਂ ਦੀ ਰਾਖੀ, ਦੁਸ਼ਟਾਂ ਦੇ ਵਿਨਾਸ਼ ਅਤੇ ਧਰਮ ਦੇ ਸਿਧਾਂਤਾਂ ਦੀ ਮੁੜ-ਸਥਾਪਨਾ ਲਈ ਮੈਂ ਯੁੱਗ-ਯੁੱਗ ’ਚ ਇਸ ਧਰਤੀ ’ਤੇ ਅਵਤਾਰ ਲੈਂਦਾ ਹਾਂ।’’

5 ਲੱਖ ਲੋਕਾਂ ਦੁਆਰਾ ਗੀਤਾ ਪਾਠ ਦੇ ਪ੍ਰੋਗਰਾਮ ਦਾ ਆਯੋਜਨ ਸਨਾਤਨ ਸੰਸਕ੍ਰਿਤੀ ਸੰਸਦ ਵੱਲੋਂ ਕੀਤਾ ਗਿਆ, ਜੋ ਵੱਖ-ਵੱਖ ਮੱਠਾਂ ਤੇ ਹਿੰਦੂ ਧਾਰਮਿਕ ਸੰਸਥਾਨਾਂ ਤੋਂ ਆਏ ਭਿਕਸ਼ੂਆਂ ਤੇ ਅਧਿਆਤਮਕ ਗੁਰੂਆਂ ਦਾ ਸਮੂਹ ਹੈ।


author

Rakesh

Content Editor

Related News