ਜ਼ਿਮਨੀ ਚੋਣਾਂ ਨਤੀਜੇ: ਮਮਤਾ ਬੈਨਰਜੀ ਨੇ ਬਣਾਈ ਲੀਡ, ਅਖਿਲੇਸ਼ ਯਾਦਵ ਨੇ ਦਿੱਤੀ ਵਧਾਈ
Sunday, Oct 03, 2021 - 12:50 PM (IST)
ਕੋਲਕਾਤਾ— ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਜਿੱਤ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਇਹ ਮਮਤਾ ਦੀਦੀ ਦੀ ਜੋ ਜਿੱਤ ਹੈ, ਉਹੀ ਤਾਂ ਸਤਯਮੇਵ ਜਯਤੇ ਦੀ ਰੀਤ ਹੈ। ਦੱਸ ਦੇਈਏ ਕਿ ਭਵਾਨੀਪੁਰ ਵਿਧਾਨ ਸਭਾ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਮਮਤਾ ਬੈਨਰਜੀ 34,000 ਸੀਟਾਂ ਨਾਲ ਅੱਗੇ ਚੱਲ ਰਹੀ ਹੈ।
ਭਵਾਨੀਪੁਰ ਸੀਟ ਤੋਂ ਭਾਜਪਾ ਨੇਤਾ ਪਿ੍ਰਅੰਕਾ ਟਿਬਰੇਵਾਲ ਨੂੰ ਹੁਣ ਤੱਕ ਸਿਰਫ਼ 10,477 ਵੋਟਾਂ ਮਿਲੀਆਂ ਹਨ ਅਤੇ ਉਹ ਮਮਤਾ ਬੈਨਰਜੀ ਤੋਂ 34,000 ਵੋਟਾਂ ਨਾਲ ਪਿਛੇ ਚੱਲ ਰਹੀ ਹੈ। ਜਦਕਿ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸ਼੍ਰੀਜੀਵ ਬਿਸਵਾਸ ਨੂੰ ਹੁਣ ਤੱਕ ਸਿਰਫ 1234 ਵੋਟਾਂ ਹੀ ਮਿਲੀਆਂ ਹਨ।
ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਕਾਫੀ ਅਹਿਮ ਹਨ। ਅੱਜ ਦੇ ਨਤੀਜੇ ਤੋਂ ਸਾਫ਼ ਹੋ ਜਾਵੇਗਾ ਕਿ ਮਮਤਾ ਬੈਨਰਜੀ ਮੁੱਖ ਮੰਤਰੀ ਅਹੁਦੇ ਲਈ ਬਣੀ ਰਹੇਗੀ ਜਾਂ ਨਹੀਂ। ਦੱਸ ਦੇਈਏ ਕਿ ਭਵਾਨੀਪੁਰ ਤੋਂ ਇਲਾਵਾ ਬੰਗਾਲ ਦੇ ਸਮਸੇਰਗੰਜ ਅਤੇ ਜੰਗੀਪੁਰ ’ਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਅੱਜ ਹੀ ਆਉਣਗੇ। 30 ਸਤੰਬਰ ਨੂੰ ਇਨ੍ਹਾਂ 3 ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਸਮਸੇਰਗੰਜ ਵਿਚ ਸਭ ਤੋਂ ਜ਼ਿਆਦਾ 79.92 ਫ਼ੀਸਦੀ ਅਤੇ ਜੰਗੀਪੁਰ ’ਚ 77.63 ਫ਼ੀਸਦੀ ਵੋਟਿੰਗ, ਜਦਕਿ ਭਵਾਨੀਪੁਰ ’ਚ 57.09 ਫ਼ੀਸਦੀ ਹੀ ਵੋਟਾਂ ਪਈਆਂ ਸਨ।