ਸਾਵਧਾਨ! ਅਮੂਲ ਦੇ ਦੇਸੀ ਘਿਓ ਦੇ ਨਾਂ ’ਤੇ ਵਿਕ ਰਿਹਾ ‘ਡਾਲਡਾ’, ਆਨਲਾਈਨ ਡਿਲੀਵਰੀ ਪਲੇਟਫਾਰਮਾਂ ’ਤੇ ਉੱਠੇ ਸਵਾਲ

Sunday, Dec 21, 2025 - 01:00 PM (IST)

ਸਾਵਧਾਨ! ਅਮੂਲ ਦੇ ਦੇਸੀ ਘਿਓ ਦੇ ਨਾਂ ’ਤੇ ਵਿਕ ਰਿਹਾ ‘ਡਾਲਡਾ’, ਆਨਲਾਈਨ ਡਿਲੀਵਰੀ ਪਲੇਟਫਾਰਮਾਂ ’ਤੇ ਉੱਠੇ ਸਵਾਲ

ਨੈਸ਼ਨਲ ਡੈਸਕ : ਦੇਸ਼ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟਖੋਰੀ ਦਾ ਧੰਦਾ ਇੰਨਾ ਵਧ ਗਿਆ ਹੈ ਕਿ ਹੁਣ ਵੱਡੇ ਬ੍ਰਾਂਡਾਂ ਦੇ ਨਾਂ ਹੇਠ ਵੀ ਖਪਤਕਾਰਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਅਮੂਲ ਦੇ ਸ਼ੁੱਧ ਦੇਸੀ ਘਿਓ ਦੇ ਪੈਕੇਟ ਵਿੱਚ ਕਥਿਤ ਤੌਰ 'ਤੇ ਡਾਲਡਾ ਘਿਓ ਵੇਚੇ ਜਾਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਨੇ ਨਾ ਸਿਰਫ਼ ਬ੍ਰਾਂਡ ਦੀ ਭਰੋਸੇਯੋਗਤਾ ਸਗੋਂ ਆਨਲਾਈਨ ਡਿਲੀਵਰੀ ਪਲੇਟਫਾਰਮਾਂ ਦੀ ਗੁਣਵੱਤਾ ਜਾਂਚ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਕੌਣ ਹੈ ਜ਼ਿੰਮੇਵਾਰ, ਕੰਪਨੀ ਜਾਂ ਡਿਲੀਵਰੀ ਪਲੇਟਫਾਰਮ? 
ਸਰੋਤਾਂ ਅਨੁਸਾਰ ਇਸ ਮਿਲਾਵਟਖੋਰੀ ਲਈ ਅਸਲ ਵਿੱਚ ਕੌਣ ਜ਼ਿੰਮੇਵਾਰ ਹੈ । ਅਮੂਲ ਜਾਂ Blinkit ਵਰਗੇ ਆਨਲਾਈਨ ਡਿਲੀਵਰੀ ਪਲੇਟਫਾਰਮ। ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਆਮ ਆਦਮੀ ਦੀ ਸਿਹਤ ਨਾਲ ਹੋ ਰਹੇ ਇਸ ਖਿਲਵਾੜ ਵਿੱਚ ਹੁਣ ਬ੍ਰਾਂਡ ਦਾ ਨਾਂ ਇੱਕ ‘ਢਾਲ’ ਵਜੋਂ ਵਰਤਿਆ ਜਾ ਰਿਹਾ ਹੈ। ਲੋਕਾਂ ਵਿੱਚ ਰੋਸ ਹੈ ਕਿ ਆਨਲਾਈਨ ਪਲੇਟਫਾਰਮ ਚੀਜ਼ਾਂ ਦੀ ਡਿਲੀਵਰੀ ਤੋਂ ਪਹਿਲਾਂ ਉਨ੍ਹਾਂ ਦੀ ਸ਼ੁੱਧਤਾ ਦੀ ਜਾਂਚ ਕਿਉਂ ਨਹੀਂ ਕਰਦੇ।


ਨਿਗਰਾਨੀ ਏਜੰਸੀਆਂ ਦੀ ਚੁੱਪ ’ਤੇ ਉੱਠੇ ਸਵਾਲ 
ਸਰੋਤਾਂ ਮੁਤਾਬਕ ਦੇਸ਼ ਭਰ ਵਿੱਚ ਸਿਰਫ਼ ਘਿਓ ਹੀ ਨਹੀਂ, ਸਗੋਂ ਨਕਲੀ ਪਨੀਰ ਤੋਂ ਲੈ ਕੇ ਇੰਜੈਕਸ਼ਨ ਵਾਲੀਆਂ ਸਬਜ਼ੀਆਂ ਤੱਕ ਧੜੱਲੇ ਨਾਲ ਵਿਕ ਰਹੀਆਂ ਹਨ। ਦੋਸ਼ ਲਾਇਆ ਜਾ ਰਿਹਾ ਹੈ ਕਿ FSSAI ਅਤੇ ਸੂਬਾ ਫੂਡ ਸੇਫਟੀ ਟੀਮਾਂ ਵਰਗੀਆਂ ਨਿਗਰਾਨੀ ਏਜੰਸੀਆਂ ਇਸ ਮਾਮਲੇ ਵਿੱਚ ਸੁਸਤ ਨਜ਼ਰ ਆ ਰਹੀਆਂ ਹਨ ਅਤੇ ਛਾਪੇਮਾਰੀ ਜਾਂ ਸੈਂਪਲ ਲੈਣ ਦੀ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੈ।
ਇੱਕ ‘ਸਿਸਟਮੈਟਿਕ ਅਪਰਾਧ’ 
ਇਸ ਲਾਪਰਵਾਹੀ ਨੂੰ ਮਹਿਜ਼ ਇੱਕ ਗਲਤੀ ਨਹੀਂ ਬਲਕਿ ਇੱਕ ‘ਸਿਸਟਮੈਟਿਕ ਅਪਰਾਧ’ ਕਰਾਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਿਲਾਵਟ ਫੜੀ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਕੋਈ ਸਖ਼ਤ ਸਜ਼ਾ ਮਿਲਦੀ ਨਜ਼ਰ ਨਹੀਂ ਆ ਰਹੀ। ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਇਸ ਸਬੰਧੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ, ਉਦੋਂ ਤੱਕ ਆਮ ਆਦਮੀ ਦੀ ਥਾਲੀ ਵਿੱਚ ‘ਜ਼ਹਿਰ’ ਪਰੋਸਿਆ ਜਾਂਦਾ ਰਹੇਗਾ ਅਤੇ ਸਰਕਾਰੀ ਦਾਅਵੇ ਸਿਰਫ਼ ਬਿਆਨਬਾਜ਼ੀ ਤੱਕ ਹੀ ਰਹਿ ਜਾਣਗੇ।


author

Shubam Kumar

Content Editor

Related News