ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ ''ਚ, ਪੇਟੈਂਟ ਦੇ ‘ਨੰਬਰ ਗੇਮ’ ''ਤੇ ਖੜ੍ਹਾ ਹੋਇਆ ਸਵਾਲ
Sunday, Feb 22, 2026 - 07:55 PM (IST)
ਗ੍ਰੇਟਰ ਨੋਇਡਾ- ਗ੍ਰੇਟਰ ਨੋਇਡਾ ਸਥਿਤ ਗਲਗੋਟੀਆ ਯੂਨੀਵਰਸਿਟੀ ਇੱਕ ਵਾਰ ਫਿਰ ਵੱਡੇ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਹਾਲ ਹੀ ਵਿੱਚ ਹੋਏ ਇੱਕ ਏ.ਆਈ. ਸੰਮੇਲਨ ਦੌਰਾਨ ਇੱਕ ਚੀਨੀ ਉਤਪਾਦ ਨੂੰ ਆਪਣੀ ਕਾਢ (ਇਨੋਵੇਸ਼ਨ) ਦੱਸਣ ਦੇ ਦੋਸ਼ਾਂ ਤੋਂ ਬਾਅਦ ਹੁਣ ਯੂਨੀਵਰਸਿਟੀ ਵੱਲੋਂ ਕੀਤੀ ਗਈ ਪੇਟੈਂਟ ਫਾਈਲਿੰਗ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ, ਯੂਨੀਵਰਸਿਟੀ ਨੇ ਪਿਛਲੇ ਸਾਲਾਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪੇਟੈਂਟ ਅਰਜ਼ੀਆਂ ਦਾਇਰ ਕੀਤੀਆਂ ਹਨ ਪਰ ਇਨ੍ਹਾਂ ਵਿੱਚੋਂ ਬਹੁਤ ਹੀ ਘੱਟ ਨੂੰ ਅਸਲ ਵਿੱਚ ਮਨਜ਼ੂਰੀ ਮਿਲੀ ਹੈ। ਮਾਹਿਰਾਂ ਦਾ ਦੋਸ਼ ਹੈ ਕਿ ਇਹ ਪੂਰੀ ਪ੍ਰਕਿਰਿਆ ਖੋਜ ਜਾਂ ਨਵੀਨਤਾ ਨਾਲੋਂ NIRF ਰੈਂਕਿੰਗ ਅਤੇ NAAC ਗ੍ਰੇਡਿੰਗ ਨੂੰ ਬਿਹਤਰ ਦਿਖਾਉਣ ਲਈ ਇੱਕ ‘ਨੰਬਰ ਗੇਮ’ ਦਾ ਹਿੱਸਾ ਹੋ ਸਕਦੀ ਹੈ।
ਇਸ ਮਾਮਲੇ ਵਿੱਚ ਇੱਕ ਹੋਰ ਗੰਭੀਰ ਪਹਿਲੂ ਪੇਟੈਂਟ ਨਾਲ ਜੁੜੀਆਂ ਸਰਕਾਰੀ ਸਬਸਿਡੀਆਂ ਅਤੇ ਪ੍ਰੋਤਸਾਹਨ ਰਾਸ਼ੀ ਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੀ ਬਿਨਾਂ ਕਿਸੇ ਠੋਸ ਨਵੀਨਤਾ ਦੇ ਦਾਇਰ ਕੀਤੇ ਗਏ ਪੇਟੈਂਟਾਂ ਰਾਹੀਂ ਸਰਕਾਰੀ ਧਨ ਹਾਸਲ ਕੀਤਾ ਗਿਆ ਹੈ। ਜੇਕਰ ਅਜਿਹਾ ਹੈ, ਤਾਂ ਇਹ ਜਾਂਚ ਦਾ ਵਿਸ਼ੇ ਹੈ ਕਿ ਪੇਟੈਂਟ ਸਬਸਿਡੀ ਦੇ ਨਾਂ 'ਤੇ ਕਿੰਨੀ ਸਰਕਾਰੀ ਰਾਸ਼ੀ ਖਰਚ ਹੋਈ ਜਾਂ ਉਸ ਦੀ ਦੁਰਵਰਤੋਂ ਕੀਤੀ ਗਈ।
ਏ.ਆਈ. ਸੰਮੇਲਨ ਦੇ ਵਿਵਾਦ ਤੋਂ ਬਾਅਦ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਸਿੱਖਿਆ ਸ਼ਾਸਤਰੀਆਂ ਅਤੇ ਮਾਹਿਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਪੇਟੈਂਟ ਫਾਈਲਿੰਗ ਲਈ ਦਿੱਤੀ ਗਈ ਆਰਥਿਕ ਸਹਾਇਤਾ ਅਤੇ ਇਸ ਦੀਆਂ ਅਸਲ ਪ੍ਰਾਪਤੀਆਂ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਏ। ਇਸ ਨਾਲ ਇਹ ਸਪੱਸ਼ਟ ਹੋ ਸਕੇਗਾ ਕਿ ਕਿਤੇ ਇਨੋਵੇਸ਼ਨ ਦੇ ਨਾਂ 'ਤੇ ਜਨਤਕ ਪੈਸੇ ਦੀ ਦੁਰਵਰਤੋਂ ਤਾਂ ਨਹੀਂ ਕੀਤੀ ਗਈ। ਫਿਲਹਾਲ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਪੂਰੇ ਮਾਮਲੇ 'ਤੇ ਕੋਈ ਵਿਸਤ੍ਰਿਤ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
