ਪੂਰੇ ਵਿਸ਼ਵ ''ਚ ਸਭ ਤੋਂ ਖਰਾਬ ਟ੍ਰੈਫਿਕ ਬੈਂਗਲੁਰੂ ''ਚ, ਟਾਪ 10 ''ਚ ਚਾਰ ਭਾਰਤੀ ਸ਼ਹਿਰ

01/30/2020 5:32:40 PM

ਨਵੀਂ ਦਿੱਲੀ— ਟ੍ਰੈਫਿਕ ਦੇ ਮਾਮਲੇ 'ਚ ਭਾਰਤ ਦਾ ਬੇਂਗਲੁਰੂ ਦੁਨੀਆ ਦਾ ਸਭ ਤੋਂ ਖ਼ਰਾਬ ਸ਼ਹਿਰ ਹੈ। 2019 'ਚ ਇੱਥੇ ਯਾਤਰਾ ਦੇ ਦੌਰਾਨ ਲੋਕਾਂ ਨੇ ਕਰੀਬ 243 ਘੰਟੇ ਜਾਮ 'ਚ ਗੁਜ਼ਾਰ ਦਿੱਤੇ। ਉਨ੍ਹਾਂ ਨੂੰ 30 ਮਿੰਟ ਦਾ ਸਫਰ ਪੂਰਾ ਕਰਨ 'ਚ 71% ਜ਼ਿਆਦਾ ਸਮਾਂ ਲੱਗਦਾ ਹੈ। ਇੰਨਾ ਹੀ ਨਹੀਂ ਖ਼ਰਾਬ ਟ੍ਰੈਫਿਕ ਵਾਲੇ ਦੁਨੀਆ ਦੇ ਟਾਪ ਦੇਸ਼ਾਂ 'ਚ ਮੁੰਬਈ, ਪੁਣੇ ਅਤੇ ਦਿੱਲੀ ਵੀ ਸ਼ਾਮਲ ਹਨ। ਨੀਦਰਲੈਂਡ ਦੀ ਨੈਵੀਗੇਸ਼ਨ ਕੰਪਨੀ ਟਾਮ ਟਾਮ ਦੇ ਸਾਲਾਨਾ ਟ੍ਰੈਫਿਕ ਇੰਡੈਕਸ 'ਚ ਇਹ ਗੱਲ ਸਾਹਮਣੇ ਆਈ ਹੈ।
 

ਲਿਸਟ 'ਚ ਮੁੰਬਈ ਚੌਥੇ ਪੁਣੇ 5ਵੇਂ ਅਤੇ ਦਿੱਲੀ 8ਵੇਂ ਨੰਬਰ 'ਤੇ ਹੈ। ਮਨੀਲਾ (ਫਿਲੀਪੀਂਸ), ਬੋਗੋਟਾ (ਕੋਲੰਬੀਆ), ਮਾਸਕੋ (ਰੂਸ), ਲੀਮਾ (ਪੇਰੂ), ਇਸਤਾਂਬੁਲ (ਤੁਰਕੀ) ਅਤੇ ਜਕਾਰਤਾ (ਇੰਡੋਨੇਸ਼ੀਆ) ਵੀ ਟਾਪ- 10 'ਚ ਸ਼ਾਮਲ ਹਨ। ਰਿਪੋਰਟ ਮੁਤਾਬਕ ਲੋਕ ਆਪਣੀ ਜਿੰਦਗੀ ਦੇ ਔਸਤਨ 193 ਘੰਟੇ ਮਤਲਬ ਕਰੀਬ 7 ਦਿਨ ਅਤੇ 22 ਘੰਟੇ ਦਾ ਸਮਾਂ ਹਰ ਸਾਲ ਜਾਮ 'ਚ ਬਰਬਾਦ ਕਰ ਰਹੇ ਹਨ। ਟਾਪ-10 'ਚ ਸ਼ਾਮਲ 4 ਭਾਰਤੀ ਸ਼ਹਿਰਾਂ 'ਚੋਂ ਸਭ ਤੋਂ ਜ਼ਿਆਦਾ ਕਾਰਾਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਨ ਪਰ ਜਾਮ ਦੇ ਮਾਮਲੇ 'ਚ ਤਿੰਨਾਂ ਸ਼ਹਿਰਾਂ ਤੋਂ ਪਿੱਛੇ ਹੈ।

ਪੀਕ ਟਾਈਮ ਦੇ ਦੌਰਾਨ ਬੈਂਗਲੁਰੂ ਦੇ ਗੱਡੀ ਚਲਾਉਣ ਵਾਲੇ ਲੋਕ ਔਸਤਨ ਹਰ ਸਾਲ 243 ਘੰਟੇ ਮਤਲਬ 10 ਦਿਨ, 3 ਘੰਟੇ ਟ੍ਰੈਫਿਕ 'ਚ ਫੱਸ ਕੇ ਗੁਜ਼ਾਰਦੇ ਹਨ। ਇਸ ਸ਼ਹਿਰ 'ਚ ਸਭ ਤੋਂ ਜ਼ਿਆਦਾ ਭੀੜ ( 103 ਫੀਸਦੀ) 20 ਅਗਸਤ, 2019 ਨੂੰ ਸੀ, ਜਦ ਕਿ ਸਭ ਤੋਂ ਘੱਟ ਭੀੜ (30 ਫੀਸਦੀ) 6 ਅਪ੍ਰੈਲ, 2019 ਨੂੰ ਸੀ।

ਪੀਕ ਟਾਈਮ ਦੇ ਦੌਰਾਨ ਮੁੰਬਈ 'ਚ ਗੱਡੀ ਚਲਾਉਣ ਵਾਲੇ ਲੋਕ ਔਸਤਨ ਹਰ ਸਾਲ 209 ਘੰਟੇ, ਮਤਲਬ 8 ਦਿਨ, 17 ਘੰਟੇ ਟ੍ਰੈਫਿਕ 'ਚ ਗੁਜ਼ਾਰਦੇ ਹਨ। ਇਸ ਸ਼ਹਿਰ 'ਚ ਸਭ ਤੋਂ ਜ਼ਿਆਦਾ ਭੀੜ (101 ਫੀਸਦੀ) 9 ਸਤੰਬਰ, 2019 ਨੂੰ ਸੀ, ਜਦ ਕਿ ਸਭ ਤੋਂ ਘੱਟ ਭੀੜ (19 ਫੀਸਦੀ) 21 ਮਾਰਚ, 2019 ਨੂੰ ਦਰਜ ਕੀਤੀ ਗਈ ਸੀ।

ਪੀਕ ਟਾਈਮ ਦੇ ਦੌਰਾਨ ਪੁਣੇ 'ਚ ਗੱਡੀ ਚਲਾਉਣ ਵਾਲੇ ਲੋਕ ਔਸਤਨ ਹਰ ਸਾਲ 193 ਘੰਟੇ, ਮਤਲਬ 8 ਦਿਨ, 1 ਘੰਟਾ ਟ੍ਰੈਫਿਕ 'ਚ ਗੁਜ਼ਾਰਦੇ ਹਨ। ਇਸ ਸ਼ਹਿਰ 'ਚ ਸਭ ਤੋਂ ਜ਼ਿਆਦਾ ਭੀੜ (93 ਫੀਸਦੀ) 2 ਅਗਸਤ, 2019 ਨੂੰ ਦਰਜ ਕੀਤੀ ਗਈ ਸੀ, ਜਦ ਕਿ ਸਭ ਤੋਂ ਘੱਟ ਭੀੜ (30 ਫੀਸਦੀ) 27 ਅਕਤੂਬਰ, 2019 ਨੂੰ ਦਰਜ ਕੀਤੀ ਗਈ ਸੀ।

ਨਵੀਂ ਦਿੱਲੀ ਨੂੰ ਇਸ ਸਾਲ ਭੀੜ ਦੇ 56 ਫੀਸਦੀ ਪੱਧਰ (ਸਫਰ ਦੇ ਦੌਰਾਨ ਆਵਾਜਾਈ 'ਚ ਫਸਣ ਦਾ ਵਾਧੂ ਸਮਾਂ) ਦੇ ਨਾਲ 8ਵਾਂ ਸਥਾਨ ਮਿਲਿਆ ਹੈ। ਔਸਤਨ ਪੀਕ ਆਵਰਸ ਦੇ ਦੌਰਾਨ ਗੱਡੀ ਚਲਾਉਣ ਵਾਲੇ ਦਿੱਲੀ ਵਾਸੀ ਹਰ ਸਾਲ 190 ਘੰਟੇ, ਮਤਲਬ ਸੱਤ ਦਿਨ, 22 ਘੰਟੇ ਦਾ ਵਾਧੂ ਸਮਾਂ ਗੁਜ਼ਾਰਦੇ ਹਨ। ਸ਼ਹਿਰ 'ਚ ਸਭ ਤੋਂ ਜ਼ਿਆਦਾ ਭੀੜ (81 ਫੀਸਦੀ) 23 ਅਕਤੂਬਰ, 2019 ਨੂੰ ਦਰਜ ਕੀਤਾ ਗਿਆ ਸੀ, ਜਦ ਕਿ ਸਭ ਤੋਂ ਘੱਟ ਭੀੜ (6 ਫੀਸਦੀ) 21 ਮਾਰਚ, 2019 ਨੂੰ ਦਰਜ ਕੀਤਾ ਗਿਆ ਸੀ।

 

 


Related News