ਬੈਂਗਲੁਰੂ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਗ੍ਰਿਫ਼ਤਾਰ 5 ਅੱਤਵਾਦੀ ਤੋਂ ਵੱਡੀ ਮਾਤਰਾ ''ਚ ਹਥਿਆਰ ਬਰਾਮਦ
Wednesday, Jul 19, 2023 - 01:36 PM (IST)
ਬੈਂਗਲੁਰੂ- ਕੇਂਦਰੀ ਅਪਰਾਧ ਸ਼ਾਖਾ ਨੇ ਕਰਨਾਟਕ ਦੇ ਬੈਂਗਲੁਰੂ ਤੋਂ ਅੱਤਵਾਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵਲੋਂ ਅੱਤਵਾਦੀ ਬਣਾਏ ਗਏ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 12 ਮੋਬਾਇਲ ਫੋਨ, ਪਿਸਤੌਲ, ਕਾਰਤੂਸ, ਹਥਿਆਰ ਅਤੇ ਵਿਸਫੋਟਕਾਂ 'ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਹੈ। ਬੈਂਗਲੁਰੂ ਦੇ ਪੁਲਸ ਕਮਿਸ਼ਨਰ ਬੀ. ਦਇਆਨੰਦ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀਆਂ ਦੇ ਕਬਜ਼ੇ 'ਚੋਂ 7 ਪਿਸਤੌਲਾਂ, 45 ਕਾਰਤੂਸ, ਵੌਕੀ-ਟੌਕੀ, ਕੁਝ ਖੰਜਰ ਅਤੇ ਹੋਰ ਸਾਮਾਨ ਸਮੇਤ ਵੱਡੀ ਮਾਤਰਾ ਵਿਚ ਵਿਸਫੋਟਕ ਪਦਾਰਥ ਜ਼ਬਤ ਕੀਤਾ ਗਿਆ। ਪੁਲਸ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਅਪਰਾਧ ਸ਼ਾਖਾ, ਸਮਾਜ ਵਿਰੋਧੀ ਤਾਕਤਾਂ ਦਾ ਭਾਂਡਾਫੋੜ ਕਰਨ ਅਤੇ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ 'ਚ ਸਫ਼ਲ ਰਹੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਟੀ. ਨਜੀਰ ਨਾਂ ਦੇ ਅੱਤਵਾਦੀ ਸਰਗਨਾ ਅਤੇ ਹੋਰ ਅੱਤਵਾਦੀਆਂ ਵਲੋਂ ਅੱਤਵਾਦੀ ਬਣਾਇਆ ਗਿਆ ਸੀ, ਜੋ ਵਿਦੇਸ਼ ਵਿਚ ਰਹਿ ਰਹੇ ਸਨ। ਨਜੀਰ 2008 'ਚ ਬੈਂਗਲੁਰੂ ਵਿਚ ਹੋਏ ਲੜੀਵਾਰ ਬੰਬ ਧਮਾਕਾ ਮਾਮਲਾ ਵਿਚ ਦੋਸ਼ੀ ਹੈ। ਗ੍ਰਿਫ਼ਤਾਰ ਅੱਤਵਾਦੀਆਂ 'ਤੇ ਕਤਲ, ਡਕੈਤੀ, ਲਾਲ ਚੰਦਨ ਦੀ ਤਸਕਰੀ ਅਤੇ ਕਈ ਹੋਰ ਦੋਸ਼ ਹਨ। ਇਹ ਲੋਕ ਜੇਲ੍ਹ 'ਚ ਬੰਦ ਅੱਤਵਾਦ ਦੇ ਦੂਜੇ ਦੋਸ਼ੀਆਂ ਨਾਲ ਸੰਪਰਕ ਵਿਚ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਨਜੀਰ ਦਾ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧ ਹੈ ਅਤੇ ਉਸ ਦੇ ਗਿਰੋਹ ਦੇ ਮੈਂਬਰ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਸਨ।