ਸ਼ਰਮ ਕਰੋ-ਇੰਨੀ ਬੁਰੀ ਤਰ੍ਹਾਂ ਤਾਂ ਅਸੀਂ ਬਾਬਰੀ ਕਾਂਡ ਵੇਲੇ ਵੀ ਨਹੀਂ ਸੀ ਹਾਰੇ : ਮੁਲਾਇਮ
Thursday, Nov 23, 2017 - 09:27 AM (IST)
ਲਖਨਊ — ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਨੂੰ ਆਪਣੇ 79ਵੇਂ ਜਨਮ ਦਿਨ 'ਤੇ ਐਲਾਨ ਕੀਤਾ ਕਿ ਉਹ ਆਪਣੇ ਬੇਟੇ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਅਸ਼ੀਰਵਾਦ ਦਿੰਦੇ ਹਨ ਅਤੇ ਅੱਗੇ ਵੀ ਦਿੰਦੇ ਰਹਿਣਗੇ। ਮੁਲਾਇਮ ਨੇ ਸਪਾ ਦੇ ਸੂਬਾ ਮੁੱਖ ਦਫਤਰ 'ਚ ਆਯੋਜਿਤ ਪ੍ਰੋਗਰਾਮ ਵਿਚ ਕਿਹਾ ਕਿ ਮੁਸਲਮਾਨਾਂ ਨੇ ਸਪਾ ਦਾ ਸਾਥ ਨਹੀਂ ਛੱਡਿਆ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸਪਾ ਦੇ ਆਗੂ ਉਨ੍ਹਾਂ ਦੀਆਂ ਵੋਟਾਂ ਨਹੀਂ ਪੁਆ ਸਕੇ।
ਸਪਾ ਦੇ ਸੰਸਥਾਪਕ ਨੇ ਕਿਹਾ, ''1990 ਵਿਚ ਆਪਣੇ ਮੁੱਖ ਮੰਤਰੀ ਕਾਲ ਵਿਚ ਦੇਸ਼ ਦੀ ਏਕਤਾ ਲਈ ਕਾਰ ਸੇਵਕਾਂ 'ਤੇ ਗੋਲੀਆਂ ਚਲਵਾਈਆਂ। ਉਨ੍ਹਾਂ ਵਿਚੋਂ 28 ਵਿਅਕਤੀ ਮਾਰੇ ਗਏ। ਜੇਕਰ ਹੋਰ ਮਾਰਨੇ ਹੁੰਦੇ ਤਾਂ ਸਾਡੇ ਸੁਰੱਖਿਆ ਬਲ ਹੋਰ ਮਾਰਦੇ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਅਸੀਂ ਖੁਫੀਆ ਗੱਲ ਦੱਸ ਰਹੇ ਹਾਂ ਕਿ ਜੇਕਰ ਅਸੀਂ ਮਸਜਿਦ ਨਾ ਬਚਾਉਂਦੇ ਤਾਂ ਉਸ ਦੌਰ ਦੇ ਕਈ ਮੁਸਲਮਾਨ ਨੌਜਵਾਨਾਂ ਨੇ ਹਥਿਆਰ ਚੁੱਕ ਲਏ ਸਨ।''
ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਸਖਤ ਹਾਰ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਦਿਲ ਦੀ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇੰਨੀ ਬੁਰੀ ਤਰ੍ਹਾਂ ਤਾਂ ਅਸੀਂ ਬਾਬਰੀ ਮਸਜਿਦ ਕਾਂਡ ਵੇਲੇ ਵੀ ਨਹੀਂ ਹਾਰੇ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸਪਾ ਨੂੰ ਸਿਰਫ 47 ਸੀਟਾਂ ਮਿਲਣੀਆਂ ਬੜੀ 'ਸ਼ਰਮਨਾਕ ' ਗੱਲ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਗੋਲੀ ਚਲਵਾਉਣ ਮਗਰੋਂ ਵੀ 1993 ਦੀਆਂ ਵਿਧਾਨ ਸਭਾ ਚੋਣਾਂ 'ਚ ਸਪਾ 105 ਸੀਟਾਂ ਜਿੱਤ ਗਈ ਸੀ ਅਤੇ ਉਨ੍ਹਾਂ ਦੀ ਸਰਕਾਰ ਬਣ ਗਈ ਸੀ। ਉਸ ਸਮੇਂ ਸਪਾ ਦੇ ਨੌਜਵਾਨ ਵਰਕਰ ਸਨ। ਅੱਜ ਉਨ੍ਹਾਂ ਵਰਗੇ ਵਰਕਰਾਂ ਦੀ ਘਾਟ ਹੈ।
