BDS ਵਿਦਿਆਰਥਣ ਦੀ ਖ਼ੁਦਕੁਸ਼ੀ ਦਾ ਮਾਮਲਾ ਗਰਮਾਇਆ, ਤੇਜ਼ੀ ਨਾਲ ਅੱਗੇ ਵਧ ਰਹੀ ਜਾਂਚ
Thursday, Jul 24, 2025 - 09:24 AM (IST)

ਨੈਸ਼ਨਲ ਡੈਸਕ- ਗ੍ਰੇਟਰ ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ ’ਚ ਬੀ.ਡੀ.ਐੱਸ. ਦੀ ਵਿਦਿਆਰਥਣ ਜੋਤੀ ਸ਼ਰਮਾ ਦੀ ਖੁਦਕੁਸ਼ੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਇਸ ਮਾਮਲੇ ਦਾ ਜਿਥੇ ਹਾਲ ਹੀ ’ਚ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ, ਉੱਥੇ ਹੀ ਹੁਣ ਅਦਾਲਤ ਦੇ ਹੁਕਮਾਂ ’ਤੇ ਬਣਾਈ ਗਈ ਇਕ ਵਿਸ਼ੇਸ਼ ਟੀਮ ਨੇ ਯੂਨੀਵਰਸਿਟੀ ਕੈਂਪਸ ਪਹੁੰਚ ਕੇ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਇਸ ਮਾਮਲੇ ’ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੁਝ ਪ੍ਰੋਫੈਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਕਈ ਪ੍ਰੋਫੈਸਰਾਂ ਨੂੰ ਕਰ ਦਿੱਤਾ ਗਿਆ ਮੁਅੱਤਲ
ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸੀਨੀਅਰ ਵਕੀਲ ਅਪਰਨਾ ਭੱਟ ਨੂੰ ਅਦਾਲਤੀ ਸਲਾਹਕਾਰ ਨਿਯੁਕਤ ਕੀਤਾ ਸੀ, ਜਿਸ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਸ਼ਾਰਦਾ ਯੂਨੀਵਰਸਿਟੀ ’ਚ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਇਸ ਦਰਮਿਆਨ ਸ਼ਾਰਦਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਐੱਚ.ਓ.ਡੀ. ਅਤੇ ਡੀਨ ਸਮੇਤ 4 ਹੋਰ ਪ੍ਰੋਫੈਸਰਾਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 2 ਪ੍ਰੋਫੈਸਰ ਜੇਲ੍ਹ ਜਾ ਚੁੱਕੇ ਹਨ। ਇਸ ਮਾਮਲੇ ’ਚ ਨਾਮਜ਼ਦ ਐੱਚ.ਓ.ਡੀ. ਪ੍ਰੋ. ਆਸ਼ੀਸ਼ ਚੌਧਰੀ, ਡੀਨ ਪ੍ਰੋਫੈਸਰ ਐੱਮ. ਸਿਧਾਰਥ, ਪ੍ਰੋਫੈਸਰ ਅਨੁਰਾਗ ਅਤੇ ਸੁਰਭੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਪ੍ਰੋ. ਵਾਈਸ ਚਾਂਸਲਰ ਦੀ ਅਗਵਾਈ ਵਾਲੀ ਇਕ ਕਮੇਟੀ ਜਾਂਚ ਕਰ ਰਹੀ ਹੈ। ਲਾਪ੍ਰਵਾਹੀ ਸਾਹਮਣੇ ਆਉਣ ’ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਸ ਵੱਖਰੇ ਤੌਰ ’ਤੇ ਕਰ ਰਹੀ ਜਾਂਚ
ਗ੍ਰੇਟਰ ਨੋਇਡਾ ਦੇ ਏ.ਡੀ.ਸੀ.ਪੀ. ਸੁਧੀਰ ਕੁਮਾਰ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਸ ਆਪਣੇ ਵੱਲੋਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਸੁਪਰੀਮ ਕੋਰਟ ਵੱਲੋਂ ਚੁਣੀ ਗਈ ਸੀਨੀਅਰ ਵਕੀਲ ਦੀ ਟੀਮ ਬੀਤੇ ਮੰਗਲਵਾਰ ਨੂੰ ਯੂਨੀਵਰਸਿਟੀ ਕੈਂਪਸ ’ਚ ਜਾਂਚ ਲਈ ਆਈ ਸੀ। ਉਨ੍ਹਾਂ ਕਿਹਾ ਕਿ ਬੀ.ਡੀ.ਐੱਸ. ਦੀ ਵਿਦਿਆਰਥਣ ਜੋਤੀ ਸ਼ਰਮਾ ਦੇ ਮਾਮਲੇ ਨਾਲ ਸਬੰਧਤ ਜਾਣਕਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਲਈ ਹੈ। ਟੀਮ ਨੇ ਹੋਰ ਥਾਵਾਂ ਦਾ ਵੀ ਨਿਰੀਖਣ ਕੀਤਾ ਹੈ ਅਤੇ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; Gym ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ
ਬੀ.ਡੀ.ਐੱਸ. ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਰੱਦ
ਯੂਨੀਵਰਸਿਟੀ ਦੀ ਜਾਂਚ ਕਮੇਟੀ ਨੇ ਬੀ.ਡੀ.ਐੱਸ. ਅਤੇ ਐੱਮ.ਡੀ.ਐੱਸ. ਦੇ 30 ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਮੈਡੀਕਲ ਦੇ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰੋਫੈਸਰਾਂ ਅਤੇ ਹੋਰ ਸਟਾਫ ਦੇ ਵਿਵਹਾਰ ਨਾਲ ਸਬੰਧਤ ਜਾਣਕਾਰੀ ਲਈ ਗਈ ਹੈ। ਨਾਲ ਹੀ ਪੁਲਸ ਵਿਦਿਆਰਥਣ ਦੇ ਕਮਰੇ ਤੋਂ ਲੈ ਕੇ ਹਸਪਤਾਲ ਤੱਕ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਕਿਹੜੇ ਲੋਕ ਵਿਦਿਆਰਥਣ ਨੂੰ ਹਸਪਤਾਲ ਲੈ ਕੇ ਗਏ। ਘਟਨਾ ਸਮੇਂ ਕੌਣ-ਕੌਣ ਮੌਜੂਦ ਸੀ, ਕਿਸ ਦੀ ਲਾਪ੍ਰਵਾਹੀ ਰਹੀ। ਸਾਰੇ ਸਬੂਤ ਇਕੱਠੇ ਕਰਨ ਲਈ ਕਈ ਟੀਮਾਂ ਲੱਗੀਆਂ ਹੋਈਆਂ ਸਨ। ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਘਟਨਾ ਤੋਂ ਬਾਅਦ ਬੀ.ਡੀ.ਐੱਸ. ਤੀਜੇ ਸਮੈਸਟਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ, ਜਿਸ ਦੇ ਅਗਲੇ ਸੋਮਵਾਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।
ਇਸ ਘਟਨਾ ਤੋਂ ਬਾਅਦ ਸ਼ਨੀਵਾਰ ਨੂੰ ਸਕੂਲ ਆਫ਼ ਡੈਂਟਲ ਸਾਇੰਸ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਬੀ. ਡੀ. ਐੱਸ. ਦੇ ਵਿਦਿਆਰਥੀਆਂ ਦੀ ਤੀਜੇ ਸਮੈਸਟਰ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਸੀ। ਹੁਣ ਮੰਗਲਵਾਰ ਤੋਂ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ। ਹਾਲਾਂਕਿ ਬੀ.ਡੀ.ਐੱਸ. ਕੋਰਸ ਦੇ ਵਿਦਿਆਰਥੀਆਂ ਦੀ ਪੜ੍ਹਾਈ ਅਜੇ ਸ਼ੁਰੂ ਨਹੀਂ ਹੋਈ ਹੈ।
ਕੀ ਹੈ ਮਾਮਲਾ
ਦੱਸ ਦੇਈਏ ਕਿ ਨਾਲੇਜ ਪਾਰਕ ਸਥਿਤ ਸ਼ਾਰਦਾ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ’ਚ ਬੀਤੇ ਸ਼ੁੱਕਰਵਾਰ ਰਾਤ ਨੂੰ ਬੀ.ਡੀ.ਐੱਸ. ਦੂਜੇ ਸਾਲ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਆਪਣੀ ਧੀ ਨੂੰ ਗੁਆਉਣ ਵਾਲੀ ਮਾਂ ਸੁਨੀਤਾ ਦਾ ਦਰਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।
ਵਿਦਿਆਰਥਣ ਦੀ ਮਾਂ ਸੁਨੀਤਾ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਯੂਨੀਵਰਸਿਟੀ ਦੇ ਸਾਹਮਣੇ ਖੁਦਕੁਸ਼ੀ ਕਰ ਲਵੇਗੀ। ਉਸ ਨੇ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਣ ਦੀ ਇੱਛਾ ਵੀ ਪ੍ਰਗਟਾਈ ਹੈ, ਤਾਂ ਜੋ ਅੱਗੇ ਕੋਈ ਹੋਰ ਧੀ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਨਾ ਹੋਵੇ। ਉਹ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣ ਦੀ ਮੰਗ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e