''ਕੋਰੋਨਾ'' ਨੂੰ ਭਜਾਉਣਾ ਹੈ ਤਾਂ ਤੁਲਸੀ, ਅਦਰਕ, ਲਸਣ ਤੇ ਹਲਦੀ ਦੀ ਕਰੋ ਵਰਤੋਂ
Wednesday, May 27, 2020 - 02:20 PM (IST)

ਔਰੈਯਾ (ਵਾਰਤਾ)— ਕੋਰੋਨਾ ਵਾਇਰਸ ਮਹਾਮਾਰੀ ਯਾਨੀ ਕਿ ਕੋਵਿਡ-19 ਦੇ ਵੱਧਦੇ ਪ੍ਰਸਾਰ ਨੂੰ ਦੇਖਦਿਆਂ ਸਰੀਰ 'ਚ ਰੋਗਾਂ ਨਾਲ ਲੜਨ ਲਈ ਰੋਜ਼ਾਨਾ ਕਸਰਤ, ਅਨੁਸ਼ਾਸਿਤ ਰੂਟੀਨ ਅਤੇ ਕੁਦਰਤੀ ਰੂਪ ਨਾਲ ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ ਸਿਸਟਮ) ਨੂੰ ਵਧਾਉਣਾ ਮੌਜੂਦਾ ਸਮੇਂ 'ਚ ਬਹੁਤ ਜ਼ਰੂਰੀ ਹੈ। ਸਫਾਟ ਅਧਿਆਪਕ ਯੂਨਾਈਟਿਡ ਫਰੰਟ ਔਰੈਯਾ ਦੇ ਕਨਵੀਨਰ ਅਤੇ ਸਿਹਤ ਕੇਂਦਰ ਬੇਲਾ ਦੇ ਸੀਨੀਅਰ ਫਾਰਮਾਸਿਸਟ ਡਾ. ਸ਼ਿਆਮ ਨਰੇਸ਼ ਦੁਬੇ ਨੇ ਦੱਸਿਆ ਕਿ ਅੱਜ-ਕੱਲ੍ਹ ਹਰੇਕ ਵਿਅਕਤੀ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਦੀ ਲੋੜ ਹੈ। ਵਿਸ਼ੇਸ਼ ਰੂਪ ਨਾਲ ਹਸਪਤਾਲ 'ਚ ਕੰਮ ਕਰ ਰਹੇ ਫਰੰਟ ਲਾਈਨ ਦੇ ਡਾਕਟਰਾਂ, ਸਿਹਤ ਕਾਮਿਆਂ ਨੂੰ ਆਪਣੀ ਪ੍ਰਤੀਰੋਧਕ ਸ਼ਕਤ ਵਧਾਉਣਾ ਖੁਦ ਦੀ ਰੱਖਿਆ ਲਈ ਸਭ ਤੋਂ ਜ਼ਰੂਰੀ ਹੈ।
ਸ਼ਿਆਮ ਨਰੇਸ਼ ਦੁਬੇ ਨੇ ਕਿਹਾ ਕਿ ਕੁਦਰਤੀ ਔਸ਼ਧੀਆਂ ਅਤੇ ਮਸਾਲਿਆਂ ਦੀ ਵਰਤੋਂ ਵੀ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦਾ ਹੈ। ਤੁਲਸੀ ਇਸ ਵਿਚ ਸਭ ਤੋਂ ਮੁੱਖ ਹੈ। ਤੁਲਸੀ ਨੂੰ ਕੁਦਰਤੀ ਔਸ਼ਧੀ ਦੀ 'ਮਾਂ' ਕਿਹਾ ਜਾਂਦਾ ਹੈ। ਤੁਲਸੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੀ ਹੈ, ਐਂਟੀ ਆਕਸੀਡੈਂਟ, ਐਂਟੀਸੈਪਟਿਕ, ਐਨਾਲਜੇਸਿਕ ਦੇ ਨਾਲ ਹੀ ਕਈ ਗੁਣਾਂ ਨਾਲ ਭਰਪੂਰ ਹੈ।
ਉੱਥੇ ਹੀ ਹਲਦੀ ਵੀ ਐਂਟੀਵਾਇਰਲ ਅਤੇ ਐਂਟੀਬਾਇਓਟਿਕ ਦਾ ਵਿਸ਼ੇਸ਼ ਗੁਣ ਰੱਖਦੀ ਹੈ, ਇਸ ਲਈ ਕੋਰੋਨਾ ਕਾਲ ਵਿਚ ਸਾਰਿਆਂ ਨੂੰ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਡਾ. ਦੁਬੇ ਨੇ ਕਿਹਾ ਕਿ ਲਸਣ ਵੀ ਕੁਦਰਤੀ ਇਮਿਊਨਿਟੀ ਬੂਸਟਰ ਹੈ, ਮੈਕ੍ਰੋਫੇਜ, ਲਿੰਫੋਸਾਈਟਸ, ਈਓਸਿਨੋਫਿਲਸ ਨੂੰ ਉਤੇਜਿਤ ਕਰ ਕੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਇਸ ਦੇ ਨਾਲ ਹੀ ਅਦਰਕ 'ਚ ਟੇਰਪੀਨਸ, ਜਿਨਜਿਰੋਲ, ਓਲਾਰੇਸਿਨ ਹੁੰਦਾ ਹੈ, ਜੋ ਕਿ ਖੰਘ-ਜ਼ੁਕਾਮ ਨੂੰ ਦੂਰ ਕਰਦਾ ਹੈ, ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਐਂਟੀਵਾਇਰਲ, ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਦਾ ਵੀ ਕੰਮ ਕਰਦਾ ਹੈ। ਸੀਨੀਅਰ ਫਾਰਮਾਸਿਸਟ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਕਮੀ ਵੀ ਕੋਰੋਨਾ ਨੂੰ ਵਧਾਉਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਧੁੱਪ 'ਚ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤਾਂਬੇ 'ਤੇ 4 ਤੋਂ 8 ਘੰਟੇ, ਕਾਰਡ ਬੋਰਡ 'ਤੇ ਅਤੇ ਕੱਪੜਿਆਂ 'ਤੇ 24 ਘੰਟੇ, ਸਟੀਲ ਅਤੇ ਪਲਾਸਟਿਕ 'ਤੇ 2 ਤੋਂ 3 ਦਿਨਾਂ ਤੱਕ ਰਹਿ ਸਕਦਾ ਹੈ। ਇਸ ਲਈ ਕਿਸੇ ਵੀ ਜਨਤਕ ਚੀਜ਼ ਨੂੰ ਬਹੁਤ ਹੀ ਸਾਵਧਾਨੀ ਨਾਲ ਹੱਥ ਲਾਓ।