ਬੱਦਲ ਫਟਣ ਕਾਰਨ ਬੜੂ ਸਾਹਿਬ ਯੂਨੀਵਰਸਿਟੀ ਦਾ ਕੰਪਲੈਕਸ ਪਾਣੀ ’ਚ ਡੁੱਬਿਆ, ਡੁੱਬੇ ਕਈ ਵਾਹਨ
Tuesday, Sep 27, 2022 - 12:50 PM (IST)
ਨਾਹਨ- ਹਿਮਾਚਲ ਪ੍ਰਦੇਸ਼ ਦੇ ਰਾਜਗੜ੍ਹ ਸਬ ਡਵੀਜ਼ਨ ਅਧੀਨ ਪੈਂਦੇ ਬੜੂ ਸਾਹਿਬ ਸਥਿਤ ਇੰਟਰਨਲ ਯੂਨੀਵਰਸਿਟੀ ਦੇ ਕੰਪਲੈਕਸ ’ਚ ਬੱਦਲ ਫਟਣ ਕਾਰਨ ਪਾਣੀ ਭਰ ਗਿਆ। ਕੰਪਲੈਕਸ ’ਚ ਲੱਗਭਗ 4 ਤੋਂ 5 ਫੁੱਟ ਪਾਣੀ ਭਰ ਗਿਆ। ਯੂਨੀਵਰਸਿਟੀ ਦੇ ਨੇੜੇ ਖੜ੍ਹੀਆਂ ਗੱਡੀਆਂ ਪਾਣੀ ’ਚ ਵਹਿ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਸਬ-ਡਵੀਜ਼ਨਲ ਮੈਜਿਸਟ੍ਰੇਟ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤੇ ਗਏ।
ਸਾਰੀਆਂ ਵਿਦਿਆਰਥਣਾਂ ਨੂੰ ਹੋਸਟਲਾਂ ਦੀ ਉੱਪਰੀ ਮੰਜ਼ਿਲਾਂ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਪਾਣੀ ਦੇ ਵਹਾਅ ਨਾਲ ਬੜੂ ਸਾਹਿਬ ’ਚ ਬਿਜਲੀ ਦੇ ਖੰਭੇ ਡਿੱਗਣ ਨਾਲ ਚਾਰੋਂ ਪਾਸੇ ਕਰੰਟ ਆ ਗਿਆ, ਜਿਸ ’ਚ ਇਕ ਸਫਾਈ ਕਰਮੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਵੀ ਹੋਏ ਹਨ। ਕੰਪਲੈਕਸ ’ਚ ਪਾਣੀ ਭਰ ਜਾਣ ਨਾਲ ਕਾਫੀ ਵਾਹਨ ਨੁਕਸਾਨੇ ਗਏ ਹਨ।
ਕਲਗੀਧਰ ਟਰੱਸਟ ਲਈ ਹਾਲਾਤ ’ਤੇ ਕਾਬੂ ਪਾਉਣ ਲਈ ਕਾਫੀ ਮੁਸ਼ਕਲ ਹੋ ਗਿਆ। ਟਰੱਸਟ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਮੁਤਾਬਕ ਦਰਬਾਰ ਹਾਲ ਦੇ ਸਾਹਮਣੇ ਬਣੇ ਸਾਰੇ ਕਮਰਿਆਂ ’ਚ ਪਾਣੀ ਭਰ ਗਿਆ ਅਤੇ ਸੜਕ ’ਤੇ ਖੜ੍ਹੇ ਵਾਹਨ ਵਹਿ ਗਏ। ਕਿੰਨੇ ਵਾਹਨ ਵਹਿ ਗਏ, ਇਸ ਦੀ ਸੂਚਨਾ ਅਜੇ ਨਹੀਂ ਮਿਲ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਅਕ ਸੰਸਥਾ ’ਚ ਰਹਿ ਰਹੀਆਂ ਵਿਦਿਆਰਥਣਾਂ ਨੂੰ ਹੋਸਟਲਾਂ ਦੀ ਉੱਪਰੀ ਮੰਜ਼ਿਲਾਂ ’ਚ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਲਈ ਭੋਜਨ-ਪਾਣੀ ਦੀ ਪੂਰੀ ਵਿਵਸਥਾ ਉੱਥੇ ਹੀ ਕਰ ਦਿੱਤੀ ਗਈ ਹੈ। ਭਾਰਤੀ ਸਟੇਟ ਬੈਂਕ ਖੇਰੀ ਸ਼ਾਖਾ ਦਾ ਸਾਰਾ ਰਿਕਾਰਡ ਮਲਬੇ ਕਾਰਨ ਖਰਾਬ ਹੋ ਗਿਆ ਹੈ।