ਕੋਰੋਨਾ ਦੌਰਾਨ ਨਾਈ, ਧੋਬੀ ਅਤੇ ਮੋਚੀ ਵੇਚ ਰਹੇ ਹਨ ਸਬਜ਼ੀਆਂ
Tuesday, Apr 07, 2020 - 07:04 PM (IST)

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਕਹਿਰ ਨੇ ਨਾਈਆਂ, ਧੋਬੀਆਂ, ਮੋਚੀਆਂ ਅਤੇ ਹਲਵਾਈਆਂ ਵਰਗੇ ਹੁਨਰ ਦੇ ਕਈ ਉਸਤਾਦਾਂ ਨੂੰ ਜੀਵਨ ਨਿਰਬਾਹ ਕਰਨ ਲਈ ਸਬਜ਼ੀਆਂ ਵੇਚਣ ਦਾ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਹੈ। ਕੋਰੋਨਾ ਵਾਇਰਸ ਕਾਰਣ ਦੇਸ਼ ਭਰ ’ਚ ਲਾਕਡਾਊਨ ਲਾਗੂ ਹੋਣ ਕਾਰਣ ਨਾਈ, ਧੋਬੀ, ਮੋਚੀ ਅਤੇ ਹਲਵਾਈ ਦਾ ਕੰਮ ਬੰਦ ਹੋ ਗਿਆ ਹੈ, ਜਿਸ ਕਾਰਣ ਉਨ੍ਹਾਂ ਦੇ ਪਰਿਵਾਰ ਸਾਹਮਣੇ ਦੋ ਵੇਲੇ ਦੀ ਰੋਟੀ ਦੀ ਸਮੱਸਿਆ ਪੈਦਾ ਹੋ ਗਈ ਹੈ। ਉਸਤਰਾ ਚਲਾਉਣ ’ਤੇ ਸੰਤੁਲਨ ਸਾਧਨ ’ਚ ਮਾਹਿਰ, ਕੱਪੜੇ ’ਤੇ ਇਸਤਰੀ ਦੇ ਸਮੇਂ ਸੁਚੇਤ ਦਿਮਾਗ, ਤੇਜ਼ ਅਤੇ ਨੁਕੀਲੇ ਔਜ਼ਾਰ ਨਾਲ ਆਪਣੀ ਕਲਾ ਨੂੰ ਨਵਾਂ ਰੂਪ ਦੇਣ ਵਾਲੇ ਅਤੇ ਤਜਰਬੇਕਾਰ ਹੱਥਾਂ ਨਾਲ ਸਵਾਦੀ ਵਿਅੰਜਨ ਤਿਆਰ ਕਰਨ ਵਾਲੇ ਲੋਕ ਇਨ੍ਹਾਂ ਦਿਨਾਂ ’ਚ ਸਬਜ਼ੀ ਦਾ ਠੇਲ੍ਹਾ ਚਲਾ ਰਹੇ ਹਨ। ਪ੍ਰਸ਼ਾਸਨਿਕ ਸਖਤੀ ਨਾਲ ਨਾ ਕੇਵਲ ਸੜਕਾਂ ਸੁੰਨਸਾਨ ਨਜ਼ਰ ਆ ਰਹੀਆਂ ਹਨ ਸਗੋਂ ਮੰਦਰ, ਮਸਜਿਦ, ਗਿਰਜਾਘਰ ਅਤੇ ਗੁਰਦੁਆਰਿਆਂ ’ਚ ਵਿਰਾਨਗੀ ਛਾਈ ਹੋਈ ਹੈ। ਪੰਡਤ, ਮੌਲਵੀ ਪਾਦਰੀ ਅਤੇ ਗ੍ਰੰਥੀ ਲੋਕਾਂ ਨੂੰ ਧਾਰਮਿਕ ਸਥਾਨਾਂ ’ਚ ਪੂਜਾ ਕਰਨ ਦੀ ਮਨਾਹੀ ਹੈ। ਉਹ ਲੋਕਾਂ ਨੂੰ ਆਪਣੇ ਘਰਾਂ ’ਚ ਹੀ ਆਪਣੇ ਦੇਵਤਿਆਂ ਦੀ ਪੂਜਾ ਕਰਨ ਨੂੰ ਕਹਿੰਦੇ ਹਨ। ਮੰਦਰਾਂ ਕੋਲ ਕੋਈ ਫੁੱਲ ਵੇਚਣ ਵਾਲਾ ਨਹੀਂ ਹੈ ਅਤੇ ਜੋ ਕਿਸਾਨ ਫੁੱਲਾਂ ਦੀ ਖੇਤੀ ਕਰਦੇ ਹਨ ਉਨ੍ਹਾਂ ਕੋਲ ਕੋਈ ਖਰੀਦਣ ਵਾਲਾ ਨਹੀਂ ਹੈ।
ਰਾਸ਼ਟਰੀ ਰਾਜਧਾਨੀ ’ਚ ਅੱਜਕਲ ਠੇਲ੍ਹੇ ’ਤੇ ਸਬਜ਼ੀ ਵੇਚ ਰਹੇ ਇਕ ਨਾਈ ਨੇ ਦੱਸਿਆ ਕਿ ਉਹ ਸ਼ਹਿਰ ਦੇ ਚੌਕ-ਚੌਰਾਹੇ ’ਤੇ ਕੁਰਸੀ ਨਹੀਂ ਲਾ ਸਕਦਾ। ਨਾਈਆਂ ਦਾ ਕਹਿਣਾ ਹੈ ਕਿ ਦਾੜ੍ਹੀ ਬਣਾਉਣਾ ਅਤੇ ਵਾਲ ਕਟਾਉਣਾ ਇਕ ਨਿਰੰਤਰ ਪ੍ਰਕਿਰਿਆ ਹੈ ਪਰ ਸਖਤੀ ਕਾਰਣ ਲੋਕਾਂ ਨੇ ਇਸ ਦੇ ਲਈ ਘਰਾਂ ਤੋਂ ਨਿਕਲਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਬਜ਼ੀ ਦਾ ਕਿੱਤਾ ਘੱਟ ਪੁੰਜੀ ’ਚ ਹੋ ਜਾਂਦਾ ਹੈ ਅਤੇ ਇਸ ਨੂੰ ਘੰੁਮ-ਫਿਰ ਕੇ ਵੇਚਣ ’ਚ ਸਖਤੀ ਵੀ ਨਹੀਂ ਹੈ, ਜਿਸ ਨਾਲ ਪਰਿਵਾਰ ਦੇ ਗੁਜ਼ਾਰੇ ਜੋਗੀ ਕਮਾਈ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਕਬਾੜੀ, ਠੇਲ੍ਹਾ ਰਿਕਸ਼ਾ ਚਲਾਉਣ ਵਾਲੇ ਅਤੇ ਇਸ ਤਰ੍ਹਾਂ ਦੇ ਹੋਰ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਹਿੱਸੇਦਾਰੀ ’ਚ ਸਬਜ਼ੀਆਂ ਵੇਚ ਰਹੇ ਹਨ।