ਯੂ. ਪੀ. ''ਚ ਕਾਨੂੰਨ ਵਿਵਸਥਾ ਅਤੇ ਜੰਗਲ ਰਾਜ ''ਚ ਜ਼ਿਆਦਾ ਫਰਕ ਨਹੀਂ : ਰਣਦੀਪ
Thursday, Jun 13, 2019 - 12:33 PM (IST)

ਨਵੀਂ ਦਿੱਲੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਬੁੱਧਵਾਰ ਨੂੰ ਬਾਰ ਕੌਂਸਲ ਦੀ ਪ੍ਰਧਾਨ ਦੀ ਹੱਤਿਆ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਕਾਂਗਰਸ ਨੇ ਯੋਗੀ ਆਦਿੱਤਿਆਨਾਥ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇ ਦਾਅਵਾ ਕੀਤਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਜੰਗਲ ਰਾਜ ਵਿਚ ਜ਼ਿਆਦਾ ਫਰਕ ਨਹੀਂ ਰਹਿ ਗਿਆ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕੇ ਕਿਹਾ, ''ਯੋਗੀ ਦੀ ਸਰਕਾਰ ਦੀ ਨੱਕ ਦੇ ਹੇਠਾਂ ਦਿਨ-ਦਿਹਾੜੇ ਬਾਰ ਕੌਂਸਲ ਦੀ ਮਹਿਲਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੰਗਲਰਾਜ ਅਤੇ ਭਾਜਪਾ ਸ਼ਾਸਿਤ ਯੂ. ਪੀ. ਦੀ ਕਾਨੂੰਨ ਵਿਵਸਥਾ 'ਚ ਹੁਣ ਜ਼ਿਆਦਾ ਫਰਕ ਨਹੀਂ ਬਚਿਆ।''
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਆਗਰਾ 'ਚ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਸਿੰਘ ਦੀ ਬੁੱਧਵਾਰ ਨੂੰ ਅਦਾਲਤੀ ਕੰਪਲੈਕਸ ਵਿਚ ਹੀ ਇਕ ਵਕੀਲ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦਰਵੇਸ਼ ਦੋ ਦਿਨ ਪਹਿਲਾਂ ਹੀ ਪ੍ਰਧਾਨ ਬਣੀ ਸੀ।