ਬਾਪੂ ਜੀ ਦੀ 151ਵੀਂ ਜਯੰਤੀ- ਰਾਜਘਾਟ ਪਹੁੰਚ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
Saturday, Oct 03, 2020 - 01:49 AM (IST)
ਨਵੀਂ ਦਿੱਲੀ : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸ਼ੁੱਕਰਵਾਰ ਨੂੰ 151ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਸ਼ਰਧਾਂਜਲੀ ਦੇਣ ਲਈ ਰਾਜਘਾਟ ਪੁੱਜੇ। ਪ੍ਰਧਾਨ ਮੰਤਰੀ ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਫੁੱਲ ਭੇਟ ਕੀਤਾ। ਰਾਜਘਾਟ 'ਤੇ ਗਾਂਧੀ ਜਯੰਤੀ ਮੌਕੇ ਭਜਨ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰ ਬਾਪੂ ਜੀ ਨੂੰ ਮੱਥਾ ਟੇਕਿਆ। ਪੀ.ਐੱਮ. ਮੋਦੀ ਨੇ ਲਿਖਿਆ ਕਿ ਅਸੀਂ ਗਾਂਧੀ ਜਯੰਤੀ ਮੌਕੇ ਪਿਆਰੇ ਬਾਪੂ ਜੀ ਨੂੰ ਮੱਥਾ ਟੇਕਦੇ ਹਾਂ, ਉਨ੍ਹਾਂ ਦੇ ਜੀਵਨ ਅਤੇ ਮਹਾਨ ਵਿਚਾਰਾਂ ਤੋਂ ਸਿੱਖਣ ਲਈ ਬਹੁਤ ਕੁੱਝ ਹੈ। ਬਾਪੂ ਜੀ ਦੇ ਆਦਰਸ਼ ਸਾਨੂੰ ਖੁਸ਼ਹਾਲ ਅਤੇ ਹਮਦਰਦ ਭਾਰਤ ਬਣਾਉਣ 'ਚ ਮਾਰਗ ਦਰਸ਼ਨ ਕਰਦੇ ਰਹਿਣਗੇ। ਅਹਿੰਸਾ ਦੇ ਪੁਜਾਰੀ ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 02 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ 'ਚ ਹੋਇਆ ਸੀ।
ਉਥੇ ਹੀ ਪੀ.ਐੱਮ. ਮੋਦੀ ਨੇ ਵਿਜੇ ਘਾਟ ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਵੀ ਸ਼ਰਧਾਂਜਲੀ ਦਿੱਤੀ। ਲਾਲ ਬਹਾਦੁਰ ਸ਼ਾਸਤਰੀ ਦੀ 116ਵੀਂ ਜਯੰਤੀ ਮੌਕੇ ਪੀ.ਐੱਮ. ਨੇ ਉਨ੍ਹਾਂ ਨੂੰ ਮੱਥਾ ਟੇਕਿਆ ਅਤੇ ਟਵੀਟ ਕੀਤਾ। ‘ਜੈ ਜਵਾਨ-ਜੈ ਕਿਸਾਨ’ ਦਾ ਨਾਰਾ ਦੇਣ ਵਾਲੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਹੋਇਆ ਸੀ।
ਪੀ.ਐੱਮ. ਮੋਦੀ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਮੱਥਾ ਟੇਕਿਆ ਅਤੇ ਟਵੀਟ 'ਚ ਲਿਖਿਆ ਕਿ ਗਾਂਧੀ ਜਯੰਤੀ ਦੇ ਦਿਨ, ਧੰਨਵਾਦੀ ਰਾਸ਼ਟਰ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਸੱਚ, ਅਹਿੰਸਾ ਅਤੇ ਪ੍ਰੇਮ ਦਾ ਉਨ੍ਹਾਂ ਦਾ ਸੁਨੇਹਾ ਸਮਾਜ 'ਚ ਸਦਭਾਵਨਾ ਦਾ ਸੰਚਾਰ ਕਰਕੇ ਸਾਰੇ ਵਿਸ਼ਵ ਦੇ ਕਲਿਆਣ ਦਾ ਰਾਹ ਪੱਧਰਾ ਕਰਦਾ ਹੈ। ਉਹ ਸੰਪੂਰਣ ਮਨੁੱਖਤਾ ਦੇ ਪ੍ਰੇਰਨਾ-ਸਰੋਤ ਬਣੇ ਹੋਏ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਗਾਂਧੀ ਜੀ ਦੇ ਅਸਾਧਾਰਣ ਸ਼ਖਸੀਅਤ ਅਤੇ ਅਧਿਆਤਮਿਕ ਜੀਵਨ ਨੇ ਸੰਸਾਰ ਨੂੰ ਸ਼ਾਂਤੀ, ਅਹਿੰਸਾ ਅਤੇ ਸਦਭਾਵਨਾ ਦਾ ਰਾਹ ਦਿਖਾਇਆ। ਸਵਦੇਸ਼ੀ ਦੀ ਵਰਤੋ ਨੂੰ ਵਧਾਉਣ ਦੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਅੱਜ ਪੂਰਾ ਦੇਸ਼ ਮੋਦੀ ਜੀ ਦੇ ਸਵੈ-ਨਿਰਭਰ ਭਾਰਤ ਦੇ ਸੰਕਲਪ ਨਾਲ ਸਵਦੇਸ਼ੀ ਨੂੰ ਅਪਣਾ ਰਿਹਾ ਹੈ, ਗਾਂਧੀ ਜਯੰਤੀ 'ਤੇ ਉਨ੍ਹਾਂ ਨੂੰ ਸਲਾਮ।