ਮੋਦੀ ਬਾਰੇ ਡਾਕੂਮੈਂਟਰੀ ’ਤੇ ਪਾਬੰਦੀ ਲਾਉਣਾ ਲੋਕਰਾਜ ’ਤੇ ਹਮਲਾ : ਪਵਾਰ

Sunday, Jan 29, 2023 - 04:57 PM (IST)

ਮੋਦੀ ਬਾਰੇ ਡਾਕੂਮੈਂਟਰੀ ’ਤੇ ਪਾਬੰਦੀ ਲਾਉਣਾ ਲੋਕਰਾਜ ’ਤੇ ਹਮਲਾ : ਪਵਾਰ

ਕੋਲਹਾਪੁਰ– ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਦਿ ਮੋਦੀ ਕੁਐਸਚਨ’ ’ਤੇ ਪਾਬੰਦੀ ਲਾਉਣ ਦਾ ਕੇਂਦਰ ਅਤੇ ਸੂਬਾ ਸਰਕਾਰ ਦਾ ਫੈਸਲਾ ਲੋਕਤੰਤਰ ’ਤੇ ਹਮਲਾ ਹੈ।

ਸ਼ਨੀਵਾਰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾ ਕਿ ਲੋਕ ਧਾਰਮਿਕ ਮੁੱਦਿਆਂ ’ਤੇ ਆਪਣੀ ਵੋਟ ਨਹੀਂ ਪਾਉਣਗੇ। ਲੋਕਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਸਮਰਥਨ ਕੀਤਾ ਹੈ ਅਤੇ ਵੱਖ-ਵੱਖ ਥਾਵਾਂ ’ਤੇ ਇਸ ਵਿੱਚ ਹਿੱਸਾ ਲਿਆ ਹੈ। ਕੇਂਦਰ ਸਰਕਾਰ ਨੇ ਰਾਹੁਲ ਦਾ ਵੱਖਰਾ ਹੀ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਪ੍ਰਸਤਾਵਿਤ ਅਸਤੀਫੇ ’ਤੇ ਚਰਚਾ ਬਾਰੇ ਪਵਾਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸੂਬੇ ਨੂੰ ਅਜਿਹੇ ਵਿਅਕਤੀ ਤੋਂ ਛੁਟਕਾਰਾ ਦਿੱਤਾ ਜਾ ਰਿਹਾ ਹੈ ਜਿਸ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਹੋਰ ਮਹਾਪੁਰਖਾਂ ’ਤੇ ਕਈ ਵਾਦ ਵਿਵਾਦ ਵਾਲੇ ਬਿਆਨ ਦਿੱਤੇ ਹਨ।

ਪਵਾਰ ਨੇ ਕਿਹਾ ਕਿ ਇਕ ਸਰਵੇਖਣ ਨੇ ਸੰਕੇਤ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ ’ਚ ਮੁੜ ਸੱਤਾ ’ਚ ਨਹੀਂ ਆਵੇਗੀ। ਇਸ ਆਧਾਰ ’ਤੇ ਅਸੀਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।


author

Rakesh

Content Editor

Related News