ਨੋਟਬੰਦੀ ਸਮੇਂ ਬੈਂਕ ਕਰਮਚਾਰੀਆਂ ਨੇ ਕੀਤੀ ਸੀ ਹੇਰਾਫੇਰੀ : ਵਿਜੀਲੈਂਸ ਕਮਿਸ਼ਨਰ

Thursday, Oct 26, 2017 - 07:58 PM (IST)

ਨੋਟਬੰਦੀ ਸਮੇਂ ਬੈਂਕ ਕਰਮਚਾਰੀਆਂ ਨੇ ਕੀਤੀ ਸੀ ਹੇਰਾਫੇਰੀ : ਵਿਜੀਲੈਂਸ ਕਮਿਸ਼ਨਰ

ਨਵੀਂ ਦਿੱਲੀ— ਨੋਟਬੰਦੀ ਦੇ ਸਮੇਂ ਲੋਕਾਂ ਨੂੰ ਲੰਬੀਆਂ ਲਾਈਨਾਂ 'ਚ ਲੱਗੇ ਰਹਿਣਾ ਪਿਆ। ਲੋਕਾਂ ਦਾ ਸ਼ੱਕ ਸੀ ਕਿ ਬੈਂਕ ਦੇ ਕੁਝ ਕਰਮਚਾਰੀ ਕਾਲੀ ਕਰਤੂਤ 'ਚ ਲੱਗੇ ਹੋਏ ਸਨ ਤੇ ਕਾਲੇ ਧਨ ਵਾਲਿਆਂ ਨਾਲ ਮਿਲ ਕੇ ਕੰਮ ਕਰ ਰਹੇ ਸਨ। ਇਹ ਸ਼ੱਕ ਬਿਲਕੁਲ ਸਹੀ ਹੈ। ਹੁਣ ਇਸ ਦੀ ਅਧਿਕਾਰਿਕ ਪੁਸ਼ਟੀ ਹੋ ਚੁੱਕੀ ਹੈ।
ਨੋਟਬੰਦੀ ਦੇ ਸਮੇਂ ਹੇਰਾਫੇਰੀ ਕਰਨ ਕਾਰਨ 460 ਬੈਂਕ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਦਿੱਲੀ 'ਚ ਵੀਰਵਾਰ ਨੂੰ ਵਿਜੀਲੈਂਸ ਕਮਿਸ਼ਨਰ ਟੀ.ਐੱਮ. ਭਸੀਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਨੋਟਬੰਦੀ ਦੇ ਸਮੇਂ ਗੜਬੜੀ ਦੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ 460 ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ 'ਚ ਰਿਜ਼ਰਵ ਬੈਂਕ ਤੇ ਪ੍ਰਾਈਵੇਟ ਕਰਮਚਾਰੀ ਵੀ ਸ਼ਾਮਲ ਹਨ।
ਭਸੀਨ ਨੇ ਕਿਹਾ ਕਿ ਇਨ੍ਹਾਂ ਬੈਂਕ ਕਰਮਚਾਰੀਆਂ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਇਨ੍ਹਾਂ ਨੇ ਨੋਟਬੰਦੀ ਤੋਂ ਬਾਅਦ 1000 ਤੇ 500 ਦੇ ਨੋਟ ਬਦਲਣ 'ਚ ਗੜਬੜੀ ਕੀਤੀ ਸੀ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਵੀ ਨੋਟ ਬਦਲਣ ਦੇ ਮਾਮਲੇ 'ਚ ਹੇਰਾਫੇਰੀ ਕਰਨ ਵਾਲੇ 30 ਬੈਂਕ ਕਰਮਚਾਰੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ 8 ਨਵੰਬਰ ਨੂੰ ਮੋਦੀ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਤੇ ਇਸ ਦੇ ਲਈ ਲੋਕਾਂ ਨੂੰ ਆਪਣੇ ਪੁਰਾਣੇ 500 ਤੇ 1000 ਰੁਪਏ ਦੇ ਨੋਟਾਂ ਨੂੰ ਬਦਲਾਉਣ ਲਈ ਸਮਾਂ ਵੀ ਦਿੱਤਾ ਗਿਆ ਸੀ। 
ਚੀਫ ਵਿਜੀਲੈਂਸ ਕਮਿਸ਼ਨਰ ਕੇ.ਵੀ. ਚੌਧਰੀ ਨੇ ਦੱਸਿਆ ਕਿ ਇਸ ਸਾਲ ਪਿੱਛਲੇ 9 ਮਹੀਨਿਆਂ ਦੌਰਾਨ ਕਰੀਬ 21 ਹਜ਼ਾਰ ਭ੍ਰਿਸ਼ਟਾਚਾਰ ਨਾਲ ਸਬੰਧਿਤ ਸ਼ਿਕਾਇਤਾਂ ਮਿਲੀਆਂ ਹਨ ਤੇ ਇਨ੍ਹਾਂ 'ਚੋਂ 17,420 ਸ਼ਿਕਾਇਤਾਂ ਨੂੰ ਵਿਜੀਲੈਂਸ ਨੇ ਖੁਦ ਨਿਪਟਾਇਆ ਹੈ ਤੇ ਇਨ੍ਹਾਂ 'ਚੋਂ 96 ਸ਼ਿਕਾਇਤਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਗਹਿਰਾਈ ਨਾਲ ਜਾਂਚਣ ਲਈ ਸੀ.ਬੀ.ਆਈ. ਕੋਲ ਭੇਜਿਆ ਗਿਆ। ਵਿਜੀਲੈਂਸ ਕਮਿਸ਼ਨ 30 ਅਕਤੂਬਰ ਤੋਂ 4 ਨਵੰਬਰ ਤੱਕ ਦੇਸ਼ ਭਰ 'ਚ ਜਾਗਰੂਕਤਾ ਹਫਤਾ ਮਨਾਏਗਾ।


Related News