ਵੈੱਬਸਾਈਟ ਹੈਕ ਕਰ ਕੇ ਬੰਗਲਾਦੇਸ਼ੀ ਅਤੇ ਰੋਹਿੰਗਿਆ ਦੇ ਫਰਜ਼ੀ ਆਧਾਰ ਕਾਰਡ ਬਣਾਉਣ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰਿਫਤਾਰ

Monday, Apr 10, 2023 - 11:32 AM (IST)

ਵੈੱਬਸਾਈਟ ਹੈਕ ਕਰ ਕੇ ਬੰਗਲਾਦੇਸ਼ੀ ਅਤੇ ਰੋਹਿੰਗਿਆ ਦੇ ਫਰਜ਼ੀ ਆਧਾਰ ਕਾਰਡ ਬਣਾਉਣ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰਿਫਤਾਰ

ਨਵੀਂ ਦਿੱਲੀ- ਆਧਾਰ ਕਾਰਡ ਬਣਾਉਣ ਵਾਲੀ ਕੰਪਨੀ ਦੀ ਆਈ. ਡੀ. ਹੈਕ ਕਰ ਕੇ ਰਾਸ਼ਟਰੀ ਸੁਰੱਖਿਆ ਦੀ ਉਲੰਘਣਾ ਕਰ ਕੇ ਬੰਗਲਾਦੇਸ਼ੀ ਅਤੇ ਰੋਹਿੰਗਿਆ ਦੇ ਫਰਜ਼ੀ ਆਧਾਰ ਕਾਰਡ ਬਣਾਉਣ ਵਾਲੇ ਗਿਰੋਹ ਦੇ ਮਾਸਟਰਮਾਈਂਡ ਸਫੀਕੁਲ ਆਲਮ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸ ਦੀ ਗ੍ਰਿਫਤਾਰੀ ਹਿਮਾਚਲ ਪ੍ਰਦੇਸ਼ ਦੀ ਸੂਚਨਾ ’ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਕੀਤੀ ਗਈ। ਪੁਲਸ ਮੁਤਾਬਕ, ਚੰਬਾ ਜ਼ਿਲੇ ਦੇ ਸਦਰ ਥਾਣੇ ’ਚ ਆਲਮ ਖਿਲਾਫ ਕਈ ਮਾਮਲੇ ਦਰਜ ਹਨ। ਸਦਰ ਥਾਣੇ ਦੇ ਇੰਸਪੈਕਟਰ ਸੰਜੀਵ ਨੇ ਟੈਲੀਫੋਨ ’ਤੇ ਉਨ੍ਹਾਂ ਦੇ ਮਾਮਲੇ ’ਚ ਲੋੜੀਂਦੇ ਦੋਸ਼ੀ ਸਫੀਕੁਲ ਆਲਮ ਨੂੰ ਫੜਨ ਲਈ ਮਦਦ ਕਰਨ ਦੀ ਬੇਨਤੀ ਕੀਤੀ ਸੀ। ਰੇਲਵੇ ਪੁਲਸ ਨੂੰ ਦੱਸਿਆ ਗਿਆ ਕਿ ਦੋਸ਼ੀ ਪੂਰਵਾ ਐਕਸਪ੍ਰੈੱਸ ਰਾਹੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਸਕਦਾ ਹੈ।

ਟਰੇਨ ਸਟੇਸ਼ਨ ’ਤੇ ਪਹੁੰਚਦੇ ਹੀ ਸਾਦੇ ਕੱਪੜਿਆਂ ’ਚ ਤਾਇਨਾਤ ਪੁਲਸ ਕਰਮਚਾਰੀਆਂ ਨੇ ਸਫੀਕੁਲ ਆਲਮ ਨੂੰ ਦਬੋਚ ਲਿਆ। ਉਹ ਪਹਿਲਾਂ ਵਜ਼ੀਰਾਬਾਦ, ਬਲਾਕ 1 ਗੁਰੂਗ੍ਰਾਮ, ਹਰਿਆਣਾ ਵਿਖੇ ਰਹਿੰਦਾ ਸੀ ਪਰ ਉਸ ਕੋਲੋਂ ਬਰਾਮਦ ਹੋਏ ਦਸਤਾਵੇਜ਼ਾਂ ਅਨੁਸਾਰ ਉਹ ਮੂਲ ਰੂਪ ’ਚ ਮਲੀਹਾਟੀ, ਥਾਣਾ-ਸਾਲਾਰ, ਮੁਰਸ਼ਿਦਾਬਾਦ, ਬੰਗਾਲ ਦਾ ਰਹਿਣ ਵਾਲਾ ਹੈ।

ਪੁਲਸ ਨੂੰ ਸ਼ੱਕ ਹੈ ਕਿ ਉਹ ਬੰਗਲਾਦੇਸ਼ੀ ਹੋ ਸਕਦਾ ਹੈ। ਸਫੀਕੁਲ ਆਲਮ ਨੂੰ ਪਹਿਲਾਂ ਵੀ ਗ੍ਰਿਫਤਾਰ ਹੋ ਚੁੱਕਾ ਹੈ। ਪੁਲਸ ਨੂੰ ਸ਼ੱਕ ਹੈ ਕਿ ਇਸ ਰੈਕੇਟ ’ਚ ਕੋਈ ਵੱਡਾ ਗਰੁੱਪ ਅਤੇ ਯੂਜ਼ਰ ਸ਼ਾਮਲ ਹੋ ਸਕਦੇ ਹਨ।


author

Rakesh

Content Editor

Related News