CAA ’ਤੇ ਪੋਸਟ, ਬੰਗਲਾਦੇਸ਼ੀ ਵਿਦਿਆਰਥਣ ਨੂੰ ਭਾਰਤ ਛੱਡਣ ਦਾ ਨੋਟਿਸ

02/28/2020 10:22:57 AM

ਕੋਲਕਾਤਾ— ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ਵਭਾਰਤੀ ਯੂਨੀਵਰਸਿਟੀ ਦੀ ਇਕ ਬੰਗਲਾਦੇਸ਼ੀ ਵਿਦਿਆਰਥਣ ਨੂੰ ਸਰਕਾਰ ਵਿਰੋਧੀ ਗਤੀਵਿਧੀਆਂ 'ਚ ਵਾਰ-ਵਾਰ ਸ਼ਾਮਲ ਹੋਣ ਲਈ ਦੇਸ਼ ਛੱਡ ਕੇ ਜਾਣ ਲਈ ਕਿਹਾ ਹੈ। ਕੇਂਦਰੀ ਯੂਨੀਵਰਸਿਟੀ ਦੀ ਗਰੈਜ਼ੂਏਸ਼ਨ ਦੀ ਵਿਦਿਆਰਥਣ ਅਫਸਰਾ ਅਨਿਕਾ ਮੀਮ ਨੂੰ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਦਫ਼ਤਰ, ਕੋਲਕਾਤਾ ਨੇ 'ਭਾਰਤ ਛੱਡੋ ਨੋਟਿਸ' ਦਿੱਤਾ ਹੈ।

ਸੀ.ਏ.ਏ. ਵਿਰੁੱਧ ਕੀਤਾ ਸੀ ਪੋਸਟ
ਦੱਸਿਆ ਗਿਆ ਹੈ ਕਿ ਵਿਦਿਆਰਥਣ ਨੇ ਕਥਿਤ ਤੌਰ 'ਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਉਦੋਂ ਤੋਂ ਉਸ ਨੂੰ ਟਰੋਲ ਕੀਤਾ ਜਾ ਰਿਹਾ ਸੀ। ਨੋਟਿਸ 'ਚ ਕਿਹਾ ਗਿਆ ਹੈ ਕਿ ਮੀਮ ਨੇ ਵੀਜ਼ਾ ਉਲੰਘਣਾ ਵੀ ਕੀਤੀ। ਨੋਟਿਸ ਅਨੁਸਾਰ,''ਉਹ (ਮੀਮ) ਸਰਕਾਰ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਪਾਈ ਗਈ ਅਤੇ ਅਜਿਹੀ ਗਤੀਵਿਧੀ ਉਸ ਦੇ ਵੀਜ਼ੇ ਦੀ ਉਲੰਘਣਾ ਹੈ। ਵਿਦੇਸ਼ੀ ਨਾਗਰਿਕ ਭਾਰਤ 'ਚ ਨਹੀਂ ਰਹਿ ਸਕਦੀ, ਉਨ੍ਹਾਂ ਨੂੰ ਇਸ ਆਦੇਸ਼ ਦੀ ਪ੍ਰਾਪਤੀ ਦੇ 15 ਦਿਨਾਂ ਦੇ ਅੰਦਰ ਭਾਰਤ ਛੱਡਣਾ ਹੋਵੇਗਾ।'' ਇਸ 'ਚ ਮੀਮ ਨੂੰ ਨੋਟਿਸ ਮਿਲਣ ਦੀ ਤਾਰੀਕ ਦੇ 15 ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਨੋਟਿਸ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਰਹੀ।
 

14 ਫਰਵਰੀ ਦੀ ਤਾਰੀਕ ਦਾ ਇਹ ਨੋਟਿਸ ਬੁੱਧਵਾਰ ਨੂੰ ਮਿਲਿਆ
ਬੰਗਲਾਦੇਸ਼ ਦੇ ਕੁਸ਼ਤੀਆ ਜ਼ਿਲੇ ਦੀ ਰਹਿਣ ਵਾਲੀ ਔਰਤ ਨੇ ਸਾਲ 2018 'ਚ ਯੂਨੀਵਰਸਿਟੀ ਦੇ ਬੈਚਲਰ ਆਫ ਡਿਜ਼ਾਈਨ ਪਾਠਕ੍ਰਮ 'ਚ ਦਾਖਲਾ ਲਿਆ ਸੀ। ਉਸ ਨੂੰ 14 ਫਰਵਰੀ ਦੀ ਤਾਰੀਕ ਦਾ ਇਹ ਨੋਟਿਸ ਬੁੱਧਵਾਰ ਨੂੰ ਮਿਲਿਆ। ਉਸ ਦੇ ਇਕ ਦੋਸਤ ਨੇ ਇਹ ਜਾਣਕਾਰੀ ਦਿੱਤੀ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ.ਐੱਫ.ਆਈ.) ਦੇ ਇਕ ਮੈਂਬਰ ਨੇ ਦੱਸਿਆ ਕਿ ਮੀਮ ਨੇ ਦਸੰਬਰ 'ਚ ਕੰਪਲੈਕਸ ਦੇ ਅੰਦਰ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ ਦੇ ਸੰਬੰਧ 'ਚ ਫੇਸਬੁੱਕ 'ਤੇ ਕਥਿਤ ਤੌਰ 'ਤੇ ਕੁਝ ਪੋਸਟ ਸਾਂਝੇ ਕੀਤੇ ਸਨ ਅਤੇ ਉਦੋਂ ਤੋਂ ਉਸ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਸੀ।
 

ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ
ਬੰਗਲਾਦੇਸ਼ੀ ਵਿਦਿਆਰਥਣ ਨੇ ਵਟਸਐੱਪ ਮੈਸੇਜ 'ਚ ਦੱਸਿਆ,''ਮੈਂ ਇਸ ਬਾਰੇ ਹਾਲੇ ਗੱਲ ਕਰਨ ਦੀ ਸਥਿਤੀ 'ਚ ਨਹੀਂ ਹਾਂ।'' ਕੋਲਕਾਤਾ 'ਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੇ ਇਕ ਸੂਤਰ ਨੇ ਦੱਸਿਆ ਕਿ ਉਸ ਨੂੰ ਇਸ ਸੰਬੰਧ 'ਚ ਹਾਲੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਵਿਸ਼ਵਭਾਰਤੀ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਹੈ। ਯੂਨੀਵਰਸਿਟੀ ਦੇ ਇਕ ਅਧਿਆਪਕ ਨੇ ਇਸ ਕਦਮ ਨੂੰ ਕਠੋਰ ਦੱਸਿਆ ਅਤੇ ਕਿਹਾ ਕਿ ਇਹ ਕਿਸੇ ਵੀ ਅਸੰਤੁਸ਼ਟ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।


DIsha

Content Editor

Related News