ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਲੀ ਦੀ ਨਿਜ਼ਾਮੂਦੀਨ ਦਰਗਾਹ ''ਤੇ ਕੀਤਾ ਸਜਦਾ
Wednesday, Sep 07, 2022 - 04:12 PM (IST)
ਇੰਟਰਨੈਸ਼ਨਲ ਡੈਸਕ/ਨਵੀਂ ਦਿੱਲੀ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੀ ਭਾਰਤ ਯਾਤਰਾ ਦੇ ਪਹਿਲੇ ਦਿਨ ਸੋਮਵਾਰ ਨੂੰ ਦਿੱਲੀ 'ਚ ਮਸ਼ਹੂਰ ਸੂਫੀ ਸੰਤ ਖਵਾਜਾ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਸਜਦਾ ਕੀਤਾ। ਹਰ ਹਫ਼ਤੇ ਹਜ਼ਾਰਾਂ ਸ਼ਰਧਾਲੂ ਨਿਜ਼ਾਮੂਦੀਨ ਦਰਗਾਹ 'ਤੇ ਜਾਂਦੇ ਹਨ। ਹਜ਼ਰਤ ਨਿਜ਼ਾਮੂਦੀਨ ਔਲੀਆ ਮਹਿਬੂਬ ਏ ਇਲਾਹੀ ਦਰਗਾਹ 1562 ਈਸਵੀ ਵਿੱਚ ਬਣਾਈ ਗਈ ਸੀ ਅਤੇ ਇਹ ਦਿੱਲੀ ਦੇ ਨਿਜ਼ਾਮੂਦੀਨ ਪੱਛਮੀ ਖੇਤਰ ਵਿੱਚ ਸਥਿਤ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਦੀ ਆਪਣੀ ਚਾਰ ਰੋਜ਼ਾ ਯਾਤਰਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਗੱਲਬਾਤ ਕਰਕੇ ਸ਼ੁਰੂ ਕੀਤੀ।
ਪ੍ਰਧਾਨ ਮੰਤਰੀ ਹਸੀਨਾ ਦਾ ਦਿੱਲੀ ਪਹੁੰਚਣ 'ਤੇ ਨਵੀਂ ਦਿੱਲੀ ਵਿਖੇ ਕੱਪੜਾ ਅਤੇ ਰੇਲਵੇ ਰਾਜ ਮੰਤਰੀ ਦਰਸ਼ਨ ਜ਼ਰਦੋਸ਼ ਨੇ ਸਵਾਗਤ ਕੀਤਾ। ਸ਼ੇਖ ਹਸੀਨਾ ਦੀ ਯਾਤਰਾ ਨੂੰ ਇੱਕ ਮਹੱਤਵਪੂਰਨ ਦੌਰੇ ਵਜੋਂ ਦੇਖਿਆ ਜਾ ਰਿਹਾ ਹੈ ਜੋ ਭਾਰਤ ਅਤੇ ਬੰਗਲਾਦੇਸ਼ ਦੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤਕਰੇਗੀ। ਸ਼ੇਖ ਹਸੀਨਾ ਵੀਰਵਾਰ ਨੂੰ ਰਾਜਸਥਾਨ ਦੇ ਅਜਮੇਰ 'ਚ ਸੂਫੀ ਸੰਤ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਜਾਵੇਗੀ।
ਹਸੀਨਾ ਦੇ ਵਫ਼ਦ ਵਿੱਚ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ, ਵਣਜ ਮੰਤਰੀ ਟੀਪੂ ਮੁਨਸ਼ੀ, ਰੇਲ ਮੰਤਰੀ ਮੁਹੰਮਦ ਨੂਰੁਲ ਇਸਲਾਮ ਸੁਜਾਨ, ਲਿਬਰੇਸ਼ਨ ਵਾਰ ਮੰਤਰੀ ਏ. ਕੇ. ਐਮ. ਮੋਜ਼ਮਲ ਹੱਕ ਅਤੇ ਪ੍ਰਧਾਨ ਮੰਤਰੀ ਦੇ ਆਰਥਿਕ ਮਾਮਲਿਆਂ ਦੇ ਸਲਾਹਕਾਰ ਮਸ਼ਿਊਰ ਏ. ਕੇ. ਐਮ. ਰਹਿਮਾਨ ਸ਼ਾਮਲ ਹਨ।