ਦਿੱਲੀ ''ਚ ਸ਼ਾਹੀ ਵਿਆਹਾਂ ''ਤੇ ਲੱਗੇਗੀ ਰੋਕ, ਨਿਯਮ ਤੋੜਨ ''ਤੇ ਹੋਵੇਗਾ ਜੁਰਮਾਨਾ

07/15/2019 1:28:19 AM

ਨਵੀਂ ਦਿੱਲੀ— ਕੇਜਰੀਵਾਲ ਸਰਕਾਰ ਦਿੱਲੀ ਵਿਚ ਸ਼ਾਹੀ ਵਿਆਹਾਂ 'ਤੇ ਰੋਕ ਲਾਉਣ ਦੀ ਤਿਆਰੀ ਵਿਚ ਹੈ। ਅਸਲ ਵਿਚ ਸੁਪਰੀਮ ਕੋਰਟ ਨੇ ਵਿਆਹਾਂ ਵਿਚ ਹੋਣ ਵਾਲੇ ਭੋਜਨ ਅਤੇ ਪਾਣੀ ਦੀ ਬਰਬਾਦੀ 'ਤੇ ਨਾਰਾਜ਼ਗੀ ਪ੍ਰਗਟਾਈ ਸੀ। ਸੁਪਰੀਮ ਕੋਰਟ ਦੀ ਨਾਰਾਜ਼ਗੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਇਕ ਪਾਲਿਸੀ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਨਵੀਂ ਪਾਲਿਸੀ ਅਧੀਨ ਦਿੱਲੀ ਸਰਕਾਰ ਵਿਆਹ ਸਮਾਰੋਹਾਂ ਵਿਚ ਮਹਿਮਾਨਾਂ ਦੀ ਗਿਣਤੀ ਸੀਮਤ ਕਰ ਸਕਦੀ ਹੈ। ਨਾਲ ਹੀ ਇਹ ਨਿਯਮ ਵੀ ਬਣਾ ਸਕਦੀ ਹੈ ਕਿ ਵਿਆਹ ਸਮਾਰੋਹਾਂ ਵਿਚ ਬਚਿਆ ਭੋਜਨ ਲੋੜਵੰਦਾਂ ਨੂੰ ਦਿੱਤਾ ਜਾਵੇ।
ਇਸ ਦੇ ਨਾਲ ਹੀ ਇਹ ਨਿਯਮ ਵੀ ਬਣਾਇਆ ਜਾਵੇਗਾ ਕਿ ਵਿਆਹਾਂ ਕਾਰਨ ਸੜਕੀ ਆਵਾਜਾਈ ਵਿਚ ਕੋਈ ਰੁਕਾਵਟ ਪੈਦਾ ਨਹੀਂ ਹੋਣੀ ਚਾਹੀਦੀ। ਸੂਤਰਾਂ ਮੁਤਾਬਕ ਇਸੇ ਮਹੀਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ। ਦਿੱਲੀ ਸਰਕਾਰ ਨੇ ਇਸ ਸਬੰਧੀ ਸਭ ਧਿਰਾਂ ਨਾਲ ਗੱਲਬਾਤ ਕੀਤੀ ਹੈ। ਸੁਪਰੀਮ ਕੋਰਟ ਵਲੋਂ ਤੈਅ ਕੀਤੀ ਗਈ ਮਾਨੀਟਰਿੰਗ ਕਮੇਟੀ ਨੇ ਵੀ ਇਸ ਲਈ ਹਾਮੀ ਭਰ ਦਿੱਤੀ ਹੈ। ਦਿੱਲੀ ਸਰਕਾਰ ਨਾਲ ਸਬੰਧਤ ਇਕ ਅਧਿਕਾਰੀ ਮੁਤਾਬਕ ਇਸ ਵਿਚ ਤੈਅ ਕੀਤੇ ਗਏ ਨਿਯਮ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਹਨ। ਨਿਯਮਾਂ ਦਾ ਉਲੰਘਣ ਕਰਨ 'ਤੇ ਮੇਜ਼ਬਾਨ ਵਿਰੁੱਧ ਨਹੀਂ ਸਗੋਂ ਪ੍ਰੋਗਰਾਮ ਵਾਲੀ ਥਾਂ ਦੇ ਸੰਚਾਲਕ 'ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ। ਜੇ ਕੋਈ ਪਹਿਲੀ ਵਾਰ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ 5 ਲੱਖ ਰੁਪਏ ਜੁਰਮਾਨਾ ਹੋਵੇਗਾ। ਦੂਜੀ ਵਾਰ ਉਲੰਘਣ ਹੋਣ 'ਤੇ 15 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਤੀਜੀ ਵਾਰ Àਊੁਲੰਘਣਾ ਹੋਣ 'ਤੇ ਲਾਇਸੈਂਸ ਰੱਦ ਕੀਤਾ ਜਾ ਸਕੇਗਾ।
ਸਰਕਾਰ ਨੇ ਤੈਅ ਕੀਤੇ ਨਿਯਮ
ਵਿਆਹ ਵਿਚ ਕਿੰਨੇ ਮਹਿਮਾਨ ਬੁਲਾਏ ਜਾ ਸਕਦੇ ਹਨ, ਇਹ ਪ੍ਰੋਗਰਾਮ ਵਾਲੀ ਥਾਂ ਤੇ ਪਾਰਕਿੰਗ ਦੇ ਹਿਸਾਬ ਨਾਲ ਤੈਅ ਕੀਤਾ ਜਾਵੇਗਾ। ਵਧੇਰੇ ਮਹਿਮਾਨਾਂ ਦੀ ਗਿਣਤੀ ਪ੍ਰੋਗਰਾਮ ਵਾਲੀ ਥਾਂ ਦੇ ਵਰਗ ਮੀਟਰ ਖੇਤਰ ਨੂੰ 1.5 ਨਾਲ ਵੰਡ ਕੇ ਹਾਸਲ ਕੀਤੀ ਗਈ ਗਿਣਤੀ ਹੋਵੇਗੀ ਜਾਂ ਪਾਰਕ ਕੀਤੀਆਂ ਜਾ ਸਕਣ ਵਾਲੀਆਂ ਕਾਰਾਂ ਦੀ ਗਿਣਤੀ ਦਾ 4 ਗੁਣਾ ਹੋਵੇਗੀ। ਇਨ੍ਹਾਂ ਦੋਹਾਂ ਵਿਚੋਂ ਜਿਹੜੀ ਵੀ ਗਿਣਤੀ ਘੱਟ ਹੋਵੇਗੀ, ਓਨੇ ਹੀ ਮਹਿਮਾਨ ਵੱਧ ਤੋਂ ਵੱਧ ਸੱਦੇ ਜਾ ਸਕਣਗੇ।
ਮੈਰਿਜ ਆਰਗੇਨਾਈਜ਼ਰ ਅਤੇ ਕੈਟਰਰ ਵੀ ਆਉਣਗੇ ਘੇਰੇ ਵਿਚ
ਸਰਕਾਰ ਵਲੋਂ ਬਣਾਈ ਜਾ ਰਹੀ ਨਵੀਂ ਪਾਲਿਸੀ ਵਿਚ ਮੈਰਿਜ ਆਰਗੇਨਾਈਜ਼ਰ ਅਤੇ ਕੈਟਰਰ ਨੂੰ ਇਕ ਐੱਨ. ਜੀ. ਓ. ਨਾਲ ਸੰਪਰਕ ਕਰਨਾ ਹੋਵੇਗਾ ਅਤੇ ਇਹ ਤੈਅ ਕਰਨਾ ਹੋਵੇਗਾ ਕਿ ਵਿਆਹ ਦ ਪ੍ਰੋਗਰਾਮ ਖਤਮ ਹੁੰਦਿਆਂ ਹੀ ਬਚਿਆ ਹੋਇਆ ਖਾਣਾ ਉਨ੍ਹਾਂ ਨੂੰ ਸੌਂਪਿਆ ਜਾਵੇਗਾ। ਇੰਨਾ ਹੀ ਨਹੀਂ, ਆਰਗੇਨਾਈਜ਼ਰ ਨੂੰ ਇਸ ਗੱਲ ਦੇ ਸਬੂਤ ਸੌਂਪਣੇ ਹੋਣਗੇ ਕਿ ਪ੍ਰੋਗਰਾਮ ਵਿਚ ਭੋਜਣ ਦੀ ਬਰਬਾਦੀ ਨਹੀਂ ਹੋਈ ਹੈ ਅਤੇ ਇਸ ਨੂੰ ਗਰੀਬਾਂ ਵਿਚ ਵੰਡ ਦਿੱਤਾ ਗਿਆ ਹੈ।
ਭੋਜਨ ਦੀ ਕੁਆਲਿਟੀ 'ਤੇ ਵੀ ਜ਼ੋਰ
ਸੁਪਰੀਮ ਕੋਰਟ ਦੇ ਨਿਰਦੇਸ਼ ਹਨ ਕਿ ਭੋਜਨ ਦੀ ਕੁਆਲਿਟੀ ਦਾ ਵੀ ਧਿਆਨ ਰੱਖਿਆ ਜਾਵੇ। ਅਸਲ ਵਿਚ ਚੀਫ ਸੈਕਟਰੀ ਨੇ ਸੁਪਰੀਮ ਕੋਰਟ ਦੀ ਬੈਂਚ ਨੂੰ ਦੱਸਿਆ ਸੀ ਕਿ ਕਦੇ-ਕਦਾਈਂ ਕੈਟਰਰਜ਼ ਬਚੇ ਹੋਏ ਭੋਜਨ ਦੀ ਵਰਤੋਂ ਹੋਰਨਾਂ ਪ੍ਰੋਗਰਾਮਾਂ ਵਿਚ ਕਰਨ ਦੀ ਕੋਸ਼ਿਸ਼ ਕਰਦ ਹਨ, ਜੋ ਸਿਹਤ ਲਈ ਨੁਕਸਾਨਦੇਹ ਹੈ। ਅਜਿਹੀ ਹਾਲਤ ਵਿਚ ਨਵੀਂ ਨੀਤੀ ਅਧੀਨ ਫੂਡ ਸੇਫਟੀ ਡਿਪਾਰਮੈਂਟ ਅਜਿਹੇ ਪ੍ਰੋਗਰਾਮਾਂ ਵਿਚ ਆਪਣੇ ਅਧਿਕਾਰੀ ਨਿਯੁਕਤ ਕਰੇਗਾ। ਨਿਯਮਾਂ ਦੀ ਉਲੰਘਣਾ ਹੋਣ 'ਤੇ ਕਾਰਵਾਈ ਹੋਵੇਗੀ।
ਪੈਲੇਸ ਵਾਲਿਆਂ ਨੂੰ ਕਰਨਾ ਹੋਵੇਗਾ ਪਾਰਕਿੰਗ ਦਾ ਪ੍ਰਬੰਧ
ਵਿਆਹ ਵਾਲੇ ਸਮਾਰੋਹ ਵਿਚ ਹੋਟਲ ਅਤੇ ਪੈਲੇਸ ਵਾਲਿਆਂ ਨੂੰ ਪਾਰਕਿੰਗ ਦਾ ਪ੍ਰਬੰਧ ਕਰਨਾ ਹੋਵੇਗਾ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ। ਸੜਕ ਕੰਢੇ ਪਾਰਕਿੰਗ ਦੀ ਵਿਵਸਥਾ ਵੀ ਹੋਵੇਗੀ। ਪਾਲਿਸੀ ਵਿਚ ਘੋੜਾ ਬੱਘੀ ਅਤੇ ਬੈਂਡ ਦੀ ਵਿਵਸਥਾ 'ਤੇ ਰੋਕ ਲਾਈ ਗਈ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਵਾਲੀ ਥਾਂ 'ਤੇ ਪਟਾਕਿਆਂ ਦੀ ਵਰਤੋਂ ਨਹੀਂ ਹੋ ਸਕੇਗੀ।


satpal klair

Content Editor

Related News