ਲਾਲ ਕਿਲ੍ਹੇ ਦੀ ਘਟਨਾ ਮਗਰੋਂ ਰਾਜੇਵਾਲ ਦਾ ਵੱਡਾ ਬਿਆਨ, ਦੀਪ ਸਿੱਧੂ ਨੇ RSS ਤੋਂ ਲਈ ਟ੍ਰੇਨਿੰਗ

Wednesday, Jan 27, 2021 - 01:12 PM (IST)

ਲਾਲ ਕਿਲ੍ਹੇ ਦੀ ਘਟਨਾ ਮਗਰੋਂ ਰਾਜੇਵਾਲ ਦਾ ਵੱਡਾ ਬਿਆਨ, ਦੀਪ ਸਿੱਧੂ ਨੇ RSS ਤੋਂ ਲਈ ਟ੍ਰੇਨਿੰਗ

ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 63ਵਾਂ ਦਿਨ ਹੈ। ਕੱਲ੍ਹ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ। ਜਿਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਅੰਦਰ ਦਾਖ਼ਲ ਹੋ ਗਏ ਅਤੇ ਉੱਥੇ ਕੇਸਰੀ ਝੰਡਾ ਲਹਿਰਾਇਆ ਗਿਆ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਕਿਹਾ ਕਿ ਸਾਡਾ ਅੰਦੋਲਨ ਸ਼ਾਂਤੀਮਈ ਜਾਰੀ ਰਹੇਗਾ, ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ।

ਇਹ ਵੀ ਪੜ੍ਹੋਦਿੱਲੀ ’ਚ ਕਿਸਾਨਾਂ ਅਤੇ ਪੁਲਸ ਵਿਚਾਲੇ ਤਣਾਅ ਜਾਰੀ; ਲਾਲ ਕਿਲ੍ਹੇ ’ਤੇ ਲਹਿਰਾਇਆ ‘ਕੇਸਰੀ ਝੰਡਾ’

ਰਾਜੇਵਾਲ ਨੇ ਅੱਗੇ ਕਿਹਾ ਕਿ ਜੇ ਕਿਤੇ ਅਸੀਂ ਥੋੜ੍ਹੀ ਜਿਹੀ ਗਲਤੀ ਕੀਤੀ ਹੁੰਦੀ, ਸਾਰਾ ਹਜ਼ੂਮ ਉੱਥੇ ਚੱਲਾ ਜਾਂਦਾ ਤਾਂ ਦੁਨੀਆ ’ਚ ਇਹ ਬਹੁਤ ਵੱਡਾ ਤਹਿਲਕਾ ਹੋਣਾ ਸੀ। ਉਨ੍ਹਾਂ ਕਿਹਾ ਕਿ ਮੇਰਾ ਧਰਮ ਹੈ ਕਿ ਮੈਂ ਆਪਣੇ ਲੋਕਾਂ ਨਾਲ ਹਰ ਗੱਲ ਸਾਂਝੀ ਕਰਾਂ। ਜਿਹੜਾ ਘਟੀਆ ਕਰਮ ਕਰਦਾ, ਬੇਈਮਾਨ ਹੈ, ਉਸ ਦੀ ਗੱਲ ਨਾ ਸੁਣੋ। ਜਿਹੜਾ ਕੱਲ੍ਹ ਹੋਇਆ, ਦੀਪ ਸਿੱਧੂ ਵਰਗੇ, ਪੰਧੇਰ ਵਰਗਿਆਂ ਦੀ ਜਿਨ੍ਹਾਂ ਦੀ ਅਸੀਂ ਮਿੰਨਤਾ ਕਰਦੇ ਥੱਕ ਗਏ ਕਿ ਇਹੋ ਜਿਹੇ ਕੰਮ ਨਾ ਕਰੋ। ਜੇਕਰ ਇਹੋ ਜਿਹੇ ਲੋਕਾਂ ਨੂੰ ਸਿਰ ਚੜਾਈ ਜਾਓਗੇ, ਉਹ ਤੁਹਾਨੂੰ ਗੁੰਮਰਾਹ ਕਰਨਗੇ। ਜਾਣਬੁੱਝ ਕੇ ਇਸ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ। ਜਦੋਂ ਅਜਿਹਾ ਮਾਹੌਲ ਬਣਾ ਦਿੱਤਾ ਗਿਆ, ਇਵੇਂ ਦਾ ਪ੍ਰਚਾਰ ਕੀਤਾ ਗਿਆ ਕਿ ਦਿੱਲੀ ਫਤਿਹ ਕਰ ਕੇ ਆਉਣੀ ਹੈ ਤਾਂ ਅਜਿਹੇ ਵਿਚ ਨੌਜਵਾਨ ਵਰਗ ਦਾ ਉਤੇਜਿਤ ਹੋਣਾ ਲਾਜ਼ਮੀ ਹੈ। ਕੁਝ ਲੋਕਾਂ ਨੇ ਇੰਨਾ ਵੱਡਾ ਪ੍ਰਚਾਰ ਕੀਤਾ, ਜਿਵੇਂ ਦਿੱਲੀ ’ਤੇ ਹਮਲਾ ਕਰਨਾ ਹੋਵੇ। ਦੀਪ ਸਿੱਧੂ ਵਰਗੇ ਲੋਕ ਜਿਨ੍ਹਾਂ ਨੇ ਆਰ. ਐੱਸ. ਐੱਸ. ਤੋਂ ਟ੍ਰੇਨਿੰਗ ਲਈ ਹੋਈ ਹੈ, ਜਿਹੜੇ ਭਾਜਪਾ ਦੇ ਲੁੱਕੇ ਹੋਏ ਕੇਡਰ ਦੇ ਅਹਿਮ ਮੈਂਬਰ ਹਨ। ਉਹ ਤੇ ਕੁਝ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਨੂੰ ਮੈਂ ਅਹਿਮੀਅਤ ਨਹੀਂ ਦਿੰਦਾ। 

ਇਹ ਵੀ ਪੜ੍ਹੋ: ਉੱਚ ਪੱਧਰੀ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਲਿਆ ਵੱਡਾ ਫ਼ੈਸਲਾ

ਰਾਜੇਵਾਲ ਨੇ ਅੱਗੇ ਕਿਹਾ ਕਿ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ। ਪੰਜਾਬ ਦਾ ਕੋਈ ਬੱਚਾ ਨਹੀਂ ਚਾਹੁੰਦਾ ਕਿ ਮਾਹੌਲ ਖਰਾਬ ਹੋਵੇ। ਸ਼ਾਂਤਮਈ ਅੰਦੋਲਨ ਰਹਿਣਾ ਚਾਹੀਦਾ। ਜਿਹੜੇ ਗਲਤੀ ਨਾਲ ਵੀ ਅੱਗੇ ਚੱਲੇ ਗਏ, ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਵਾਪਸ ਆ ਜਾਓ। ਇੰਨੀ ਵੱਡੀ ਸਾਜਿਸ਼ ਨਾਲ ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਪੂਰੀ ਵਾਹ ਲਾਈ। ਰਾਜੇਵਾਲ ਨੇ ਕਿਹਾ ਕਿ ਅਸੀਂ ਇਹ ਅੰਦੋਲਨ ਜਿੱਤ ਕੇ ਜਾਣਾ ਹੈ। ਮੇਰੀ ਬੇਨਤੀ ਹੈ ਕਿ ਸ਼ਾਂਤੀਮਈ ਰਹਿਣਾ, ਹਿੰਸਕ ਹੋਏ ਤਾਂ ਮੋਦੀ ਜਿੱਤੇਗਾ। 

ਨੋਟ- ਬਲਬੀਰ ਸਿੰਘ ਰਾਜੇਵਾਲ ਦੇ ਇਸ ਬਿਆਨ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਦੱਸੋ?


author

Tanu

Content Editor

Related News