ਬਾਲਾਕੋਟ ਏਅਰ ਸਟਰਾਈਕ ਨੂੰ ਹਵਾਈ ਫੌਜ ਨੇ ਦਿੱਤਾ ਸੀ ਕੋਡਨੇਮ- ''ਆਪਰੇਸ਼ਨ ਬਾਂਦਰ''

06/21/2019 5:45:00 PM

ਨਵੀਂ ਦਿੱਲੀ/ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਜਾ ਕੇ ਏਅਰ ਸਟਰਾਈਕ ਕੀਤੀ ਸੀ। ਭਾਰਤੀ ਹਵਾਈ ਫੌਜ ਨੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਆਪਰੇਸ਼ਨ ਨੂੰ ਕੋਡਨੇਮ ਦਿੱਤਾ ਸੀ- ਆਪਰੇਸ਼ਨ ਬਾਂਦਰ। ਰੱਖਿਆ ਸੂਤਰਾਂ ਅਨੁਸਾਰ ਇਸ ਸਾਲ ਫਰਵਰੀ 'ਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਬੇਹੱਦ ਗੁਪਤ ਤਰੀਕੇ ਨਾਲ ਏਅਰ ਸਟਰਾਈਕ ਕੀਤੀ ਗਈ ਸੀ। ਇਸ ਆਪਰੇਸ਼ਨ ਨੂੰ ਗੁਪਤ ਬਣਾਏ ਰੱਖਣ ਲਈ ਭਾਰਤੀ ਹਵਾਈ ਫੌਜ ਨੇ ਇਸ ਦਾ ਕੋਡਨੇਮ ਆਪਰੇਸ਼ਨ ਬਾਂਦਰ ਦਿੱਤਾ ਸੀ।

ਆਪਰੇਸ਼ਨ ਦੀ ਪਾਕਿ ਨੂੰ ਨਹੀਂ ਲੱਗੀ ਭਣਕ
ਆਪਰੇਸ਼ਨ ਬਾਂਦਰ ਇੰਨਾ ਗੁਪਤ ਰੱਖਿਆ ਗਿਆ ਸੀ ਕਿ ਪਾਕਿਸਤਾਨ ਨੂੰ ਉਸ ਸਮੇਂ ਤੱਕ ਇਸ ਦੀ ਭਣਕ ਨਹੀਂ ਲੱਗੀ, ਜਦੋਂ ਤੱਕ ਭਾਰਤੀ ਹਵਾਈ ਫੌਜ ਦੇ ਮਿਰਾਜ਼ ਜਹਾਜ਼ ਆਪਣੇ ਮਿਸ਼ਨ ਨੂੰ ਅੰਜਾਮ ਦੇ ਕੇ ਭਾਰਤੀ ਖੇਤਰ 'ਚ ਵਾਪਸ ਨਹੀਂ ਆਏ। ਜਦੋਂ ਪਾਕਿਸਤਾਨ ਨੂੰ ਇਸ ਦੀ ਜਾਣਕਾਰੀ ਲੱਗੀ ਤਾਂ ਉਹ ਬੌਖਲਾ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਖੇਤਰ 'ਚ ਹਵਾਈ ਹਮਲਾ ਕੀਤਾ ਸੀ, ਜਿਸ ਦਾ ਭਾਰਤੀ ਹਵਾਈ ਫੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਸੀ।

ਭਾਰਤ ਦੇ ਦਬਾਅ ਕਾਰਨ ਅਭਿਨੰਦਨ ਨੂੰ ਕੀਤਾ ਰਿਹਾਅ
ਇਸ ਹਵਾਈ ਲੜਾਈ 'ਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਸੀ। ਇਸ ਦੌਰਾਨ ਭਾਰਤੀ ਹਵਾਈ ਫੌਜ ਦਾ ਜਹਾਜ਼ ਮਿਗ-21 ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਸ ਨੂੰ ਉੱਡਾ ਰਹੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕੇ 'ਚ ਪਹੁੰਚ ਗਏ ਸਨ। ਉੱਥੇ ਉਨ੍ਹਾਂ 'ਤੇ ਪਾਕਿਸਤਾਨੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਫਿਰ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਸੀ। ਹਾਲਾਂਕਿ ਭਾਰਤ ਦੇ ਦਬਾਅ ਅੱਗੇ ਪਾਕਿਸਤਾਨ ਨੂੰ ਝੁੱਕਣਾ ਪਿਆ ਸੀ ਅਤੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨਾ ਪਿਆ ਸੀ।

ਕੋਵਿੰਦ ਨੇ ਸੰਯੁਕਤ ਸੈਸ਼ਨ 'ਚ ਕੀਤੀ ਸੀ ਸਟਰਾਈਕ ਦੀ ਚਰਚਾ
ਵੀਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਬਾਲਾਕੋਟ ਏਅਰ ਸਟਰਾਈਕ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨੇ ਪਹਿਲੇ ਸਰਜੀਕਲ ਸਟਰਾਈਕ ਅਤੇ ਫਿਰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਏਅਰ ਸਟਰਾਈਕ ਕਰ ਕੇ ਆਪਣੇ ਇਰਾਦੇ ਅਤੇ ਸਮਰੱਥਾ ਦੀ ਪਛਾਣ ਦਿੱਤੀ ਹੈ। ਨਾਲ ਹੀ ਰਾਸ਼ਟਰਪਤੀ ਨੇ ਇਹ ਕਿਹਾ ਸੀ ਕਿ ਭਵਿੱਖ 'ਚ ਵੀ ਦੇਸ਼ ਦੀ ਸੁਰੱਖਿਆ ਯਕੀਨੀ ਕਰਨ ਲਈ ਸਾਰੇ ਸੰਭਵ ਕਦਮ ਚੁੱਕੇ ਜਾਣਗੇ।


DIsha

Content Editor

Related News