Bakrid 2021: ਅੱਜ ਮਨਾਈ ਜਾਵੇਗੀ ‘ਬਕਰੀਦ’, ਜਾਣੋ ਇਸ ਪਵਿੱਤਰ ਤਿਉਹਾਰ ਦੀ ਮਹੱਤਤਾ

Wednesday, Jul 21, 2021 - 10:45 AM (IST)

Bakrid 2021: ਅੱਜ ਮਨਾਈ ਜਾਵੇਗੀ ‘ਬਕਰੀਦ’, ਜਾਣੋ ਇਸ ਪਵਿੱਤਰ ਤਿਉਹਾਰ ਦੀ ਮਹੱਤਤਾ

ਜਲੰਧਰ (ਬਿਊਰੋ) : ਬਕਰੀਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ। ਬਕਰੀਦ ਨੂੰ ਈਦ-ਉਲ-ਅਜ਼ਹਾ (Eid Al Adha) ਵੀ ਕਹਿੰਦੇ ਹਨ। ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਦੇ ਕਰੀਬ 70 ਦਿਨਾਂ ਬਾਅਦ ਬਕਰੀਦ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸਲਾਮਿਕ ਮਾਨਤਾ ਅਨੁਸਾਰ ਹਜ਼ਰਤ ਇਬਰਾਮ ਆਪਣੇ ਪੁੱਤਰ ਹਜ਼ਰਤ ਇਸਮਾਈਲ ਨੂੰ ਇਸ ਦਿਨ ਖ਼ੁਦ ਦੇ ਹੁਕਮ 'ਤੇ ਖ਼ੁਦਾ ਦੀ ਰਾਹ 'ਚ ਕੁਰਬਾਨੀ ਕਰਨ ਜਾ ਰਹੇ ਸਨ, ਤਾਂ ਅੱਲ੍ਹਾ ਨੇ ਉਸ ਦੇ ਪੁੱਤਰ ਨੂੰ ਜੀਵਨਦਾਨ ਦੇ ਦਿੱਤਾ, ਜਿਸ ਦੀ ਯਾਦ ਵਿੱਚ ਬਕਰੀਦ ਮਨਾਈ ਜਾਂਦੀ ਹੈ। ਇਸ ਸਾਲ ਬਕਰੀਦ (Bakrid 2021) ਦਾ ਤਿਉਹਾਰ 21 ਜੁਲਾਈ 2021 ਨੂੰ ਪੂਰੇ ਦੇਸ਼ ’ਚ ਮਨਾਇਆ ਜਾ ਰਿਹਾ ਹੈ।

PunjabKesari

ਜਾਣੋ ਕੀ ਹੁੰਦਾ ਹੈ ਬਕਰੀਦ ਵਾਲੇ ਦਿਨ
ਇਸ ਦਿਨ ਮੁਸਲਮਾਨ ਭਾਈਚਾਰੇ ਦੇ ਲੋਕ ਚੰਗੇ ਕੱਪੜੇ ਪਾਉਂਦੇ ਹਨ। ਜਨਾਨੀਆਂ ਵਿਸ਼ੇਸ਼ ਪਕਵਾਨ ਬਣਾਉਂਦੀਆਂ ਹਨ। ਸਵੇਰੇ ਜਲਦੀ ਉੱਠ ਕੇ ਨਹਾ ਧੋ ਕੇ ਨਵੇਂ ਕੱਪੜੇ ਪਾਉਣ ਤੋਂ ਬਾਅਦ ਈਦਗਾਹ 'ਚ ਈਦ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ। ਨਮਾਜ਼ ਤੋਂ ਬਾਅਦ ਇਕ-ਦੂਸਰੇ ਨਾਲ ਗਲ਼ੇ ਮਿਲ ਕੇ ਈਦ ਦੀ ਮੁਬਾਰਕਬਾਦ ਦੇਣ ਤੋਂ ਬਾਅਦ ਜਾਨਵਰਾਂ ਦੀ ਕੁਰਬਾਨੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਬਕਰੀਦ 'ਤੇ ਕਿਉਂ ਦਿੱਤੀ ਜਾਂਦੀ ਹੈ ਕੁਰਬਾਨੀ
ਇਸਲਾਮ ਧਰਮ 'ਚ ਕੁਰਬਾਨੀ ਦਾ ਬਹੁਤ ਵੱਡਾ ਮਹੱਤਵ ਹੈ। ਕੁਰਬਾਨੀ ਅੱਲ੍ਹਾ ਨੂੰ ਰਾਜ਼ੀ ਤੇ ਖੁਸ਼ ਕਰਨ ਲਈ ਕੀਤੀ ਜਾਂਦੀ ਹੈ। ਇਸਲਾਮ ਧਰਮ ਦੀਆਂ ਮਾਨਤਾਵਾਂ ਅਨੁਸਾਰ, ਇਕ ਵਾਰ ਅੱਲ੍ਹਾ ਨੇ ਹਜ਼ਰਤ ਇਬਰਾਹਮ ਦਾ ਇਮਤਿਹਾਨ ਲੈਣਾ ਚਾਹਿਆ। ਮੰਨਿਆ ਜਾਂਦਾ ਹੈ ਕਿ ਅੱਲ੍ਹਾ ਨੇ ਹਜ਼ਰਤ ਇਬਰਾਹਮ ਨੂੰ ਉਨ੍ਹਾਂ ਦੀ ਸਭ ਤੋਂ ਪਿਆਰੀ ਚੀਜ਼ ਨੂੰ ਕੁਰਬਾਨ ਕਰਨ ਦਾ ਹੁਕਮ ਦਿੱਤਾ ਸੀ। ਹਜ਼ਰਤ ਇਬਰਾਹਮ ਨੂੰ ਸਭ ਤੋਂ ਜ਼ਿਆਦਾ ਅਜ਼ੀਜ਼ ਆਪਣੇ ਬੇਟੇ ਹਜ਼ਰਤ ਇਸਮਾਈਲ ਹੀ ਸਨ। ਅੱਲ੍ਹਾ ਦੇ ਇਸ ਖਾਸ ਹੁਕਮ 'ਤੇ ਜਦੋਂ ਹਜ਼ਰਤ ਇਬਰਾਹਮ ਨੇ ਆਪਣੇ ਬੇਟੇ ਨੂੰ ਇਹ ਗੱਲ ਦੱਸੀ ਤਾਂ ਉਹ ਕੁਰਬਾਨ ਹੋਣ ਲਈ ਰਾਜ਼ੀ ਹੋ ਗਏ, ਉੱਥੇ ਦੂਜੇ ਪਾਸੇ ਹਜ਼ਰਤ ਇਬਰਾਹਮ ਨੇ ਆਪਣੇ ਬੇਟੇ ਦੀ ਮੁਹੱਬਤ ਤੋਂ ਵੱਧ ਕੇ ਅੱਲ੍ਹਾ ਦੇ ਹੁਕਮ ਨੂੰ ਅਹਿਮੀਅਤ ਦਿੱਤੀ ਤੇ ਅੱਲ੍ਹਾ ਦੀ ਰਾਹ 'ਚ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਰਾਜ਼ੀ ਹੋ ਗਏ।

PunjabKesari

ਇਸ ਤੋਂ ਬਾਅਦ ਹਜ਼ਰਤ ਇਬਰਾਹਮ ਨੇ ਜਿਵੇਂ ਅੱਖਾਂ ਬੰਦ ਕਰ ਕੇ ਆਪਣੇ ਬੇਟੇ ਦੀ ਗਰਦਨ 'ਤੇ ਛੁਰੀ ਚਲਾਈ, ਤਾਂ ਅੱਲ੍ਹਾ ਨੇ ਉਨ੍ਹਾਂ ਦੇ ਬੇਟੇ ਦੀ ਜਗ੍ਹਾ ਭੇੜ ਨੂੰ ਭੇਜ ਦਿੱਤਾ ਤੇ ਉਨ੍ਹਾਂ ਦੇ ਬੇਟੇ ਦੀ ਜਗ੍ਹਾ ਜਾਨਵਰ ਕੱਟਿਆ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਪੁੱਤਰ ਬਚ ਗਿਆ। ਉਸੇ ਵੇਲੇ ਅੱਲ੍ਹਾ ਲਈ ਕੁਰਬਾਨੀ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਉਦੋਂ ਤੋਂ ਹਰ ਸਾਲ ਮੁਸਲਿਮ ਭਾਈਚਾਰੇ ਦੇ ਲੋਕ ਅੱਲ੍ਹਾ ਦੇ ਨਾਂ 'ਤੇ ਕੁਰਬਾਨੀ ਦਿੰਦੇ ਹਨ।

3 ਹਿੱਸਿਆਂ 'ਚ ਵੰਡਿਆ ਜਾਂਦਾ ਹੈ ਕੁਰਬਾਨੀ ਦਾ ਮਾਸ
ਬਕਰੀਦ ਦੇ ਤਿਉਹਾਰ ’ਤੇ ਕੁਰਬਾਨੀ ਵਾਲੇ ਜਾਨਵਰ ਦੇ ਮਾਸ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਣਾ ਪਸੰਦ ਕੀਤਾ ਜਾਂਦਾ ਹੈ। ਪਰਿਵਾਰ 'ਚ ਇਕ-ਤਿਹਾਈ ਹਿੱਸਾ ਬਰਕਰਾਰ ਰਹਿੰਦਾ ਹੈ। ਇਕ ਤਿਹਾਈ ਰਿਸ਼ਤੇਦਾਰਾਂ, ਦੋਸਤਾਂ ਤੇ ਗੁਆਂਢੀਆਂ ਨੂੰ ਦਿੱਤਾ ਜਾਂਦਾ ਹੈ ਅਤੇ ਬਾਕੀ ਤੀਸਰਾ ਹਿੱਸਾ ਗ਼ਰੀਬਾਂ ਤੇ ਲੋੜਵੰਦਾਂ ਨੂੰ ਦਿੱਤਾ ਜਾਂਦਾ ਹੈ।


author

rajwinder kaur

Content Editor

Related News