ਮਾਣਹਾਨੀ ਮਾਮਲੇ ''ਚ ਸੰਜੇ ਰਾਊਤ ਖ਼ਿਲਾਫ਼ ਜ਼ਮਾਨਤੀ ਵਾਰੰਟ ਕੀਤਾ ਜਾਰੀ
Monday, Jul 04, 2022 - 05:16 PM (IST)
ਮੁੰਬਈ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮਈਆ ਦੀ ਪਤਨੀ ਮੇਧਾ ਸੋਮਈਆ ਵੱਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਚ ਸ਼ੁੱਕਰਵਾਰ ਨੂੰ ਮੁੰਬਈ ਦੀ ਇਕ ਅਦਾਲਤ ਨੇ ਸ਼ਿਵ ਸੈਨਾ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਉਤ ਦੇ ਪੇਸ਼ ਨਹੀਂ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸੋਮਵਾਰ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤਾ। ਸ਼ਿਵੜੀ ਮੈਟਰੋਪਾਲਿਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਪਿਛਲੇ ਮਹੀਨੇ ਰਾਊਤ ਖ਼ਿਲਾਫ਼ ਸੰਮਨ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 4 ਜੁਲਾਈ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਮੇਧਾ ਸੋਮਈਆ ਦੇ ਵਕੀਲ ਵਿਵੇਕਾਨੰਦ ਗੁਪਤਾ ਨੇ ਦੱਸਿਆ ਕਿ ਸੋਮਵਾਰ ਨੂੰ ਨਾ ਤਾਂ ਰਾਊਤ ਅਤੇ ਨਾ ਹੀ ਉਨ੍ਹਾਂ ਦੇ ਵਕੀਲ ਅਦਾਲਤ 'ਚ ਪੇਸ਼ ਹੋਏ। ਗੁਪਤਾ ਨੇ ਕਿਹਾ,''ਇਸ ਲਈ ਅਸੀਂ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਜਾਣ ਦੀ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।'' ਬਾਅਦ 'ਚ ਅਦਾਲਤ ਨੇ ਮਾਮਲਾ ਮੁਲਤਵੀ ਕਰ ਕੇ ਸੁਣਵਾਈ ਲਈ 18 ਜੁਲਾਈ ਦੀ ਤਾਰੀਕ ਤੈਅ ਕੀਤੀ।
ਇਸ ਤੋਂ ਪਹਿਲਾਂ, ਮਾਣਹਾਨੀ ਮਾਮਲੇ 'ਚ ਰਾਊਤ ਨੂੰ ਸੰਮਨ ਜਾਰੀ ਕਰਦੇ ਹੋਏ ਮੈਜਿਸਟ੍ਰੇਟ ਨੇ ਕਿਹਾ ਸੀ ਕਿ ਪੇਸ਼ ਕੀਤੇ ਗਏ ਦਸਤਾਵੇਜ਼ ਅਤੇ ਵੀਡੀਓ ਕਲਿੱਪ ਪਹਿਲੀ ਨਜ਼ਰ ਖ਼ੁਲਾਸਾ ਕਰਦੇ ਹਨ ਕਿ ਦੋਸ਼ੀ ਨੇ ਸ਼ਿਕਾਇਤਕਰਤਾ ਖ਼ਿਲਾਫ਼ ਮਾਣਹਾਨੀਕਾਰਕ ਬਿਆਨ ਦਿੱਤੇ। ਸੋਮਈਆ ਨੇ ਵਕੀਲਾਂ ਗੁਪਤਾ ਅਤੇ ਲਕਸ਼ਮਣ ਕਨਾਲ ਦੇ ਮਾਧਿਅਮ ਨਾਲ ਦਾਖ਼ਲ ਸ਼ਿਕਾਇਤ 'ਚ ਦਾਅਵਾ ਕੀਤਾ ਸੀ ਕਿ ਰਾਊਤ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਮਾਣਹਾਨੀਕਾਰਕ ਦੋਸ਼ ਲਗਾਏ। ਰਾਊਤ ਨੇ ਉਨ੍ਹਾਂ 'ਤੇ ਮੀਰਾ-ਭਾਇੰਦਰ ਨਿਗਮ ਦੇ ਅਧੀਨ ਕੁਝ ਜਨਤਕ ਟਾਇਲਟਾਂ ਦੇ ਨਿਰਮਾਣ ਅਤੇ ਸਾਂਭ-ਸੰਭਾਲ 'ਚ 100 ਕਰੋੜ ਰੁਪਏ ਦੇ ਘਪਲੇ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਮੇਧਾ ਸੋਮਈਆ ਨੇ ਅਦਾਲਤ ਤੋਂ ਰਾਊਤ ਨੂੰ ਨੋਟਿਸ ਜਾਰੀ ਕਰਨ ਅਤੇ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੇ ਦੋਸ਼ਾਂ 'ਚ ਆਈ.ਪੀ.ਸੀ. ਦੀਆਂ ਧਾਰਾਵਾਂ 499 ਅਤੇ 500 ਦੇ ਅਧੀਨ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ।