ਬਘੇਲ ਨੇ ਕੀਤੀ ਸੀ ਐਪ ’ਤੇ ਪਾਬੰਦੀ ਦੀ ਮੰਗ ਤਾਂ ਉਨ੍ਹਾਂ ਦੇ ਪਿੱਛੇ ਲਗਾ ਦਿੱਤੀ ਈ. ਡੀ. : ਕਾਂਗਰਸ
Tuesday, Nov 07, 2023 - 01:32 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਨੇ ਕਿਹਾ ਹੈ ਕਿ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੌਰਾਨ ਚਰਚਾ ’ਚ ਆਏ ਮਹਾਦੇਵ ਐਪ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਜਾਂਚ ਕਰ ਰਿਹਾ ਹੈ, ਫਿਰ ਵੀ ਐਪ ਨੂੰ ਬੈਨ ਕਰਨ ਵਿਚ ਹੋਈ ਦੇਰੀ ਹੈਰਾਨੀਜਨਕ ਹੈ। ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਸੋਮਵਾਰ ਨੂੰ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਈ. ਡੀ. ਕਈ ਮਹੀਨਿਆਂ ਤੋਂ ‘ਮਹਾਦੇਵ ਐਪ’ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਰ ਵੀ ਇਸਨੂੰ ਬੈਨ ਕਰਨ ਵਿਚ ਇੰਨਾ ਸਮਾਂ ਲੱਗਣਾ ਹੈਰਾਨੀ ਵਾਲੀ ਗੱਲ ਹੈ।
ਇਸ ਐਪ ਨੂੰ ਬੈਨ ਕਰਨ ਦੀ ਮੰਗ ਵੀ ਸਭ ਤੋਂ ਪਹਿਲਾਂ 24 ਅਗਸਤ 2023 ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕੀਤੀ ਸੀ। ਉਨ੍ਹਾਂ ਦੀ ਪ੍ਰਸ਼ੰਸਾ ਕਰਨ ਦੀ ਥਾਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਿੱਛੇ ਈ. ਡੀ. ਨੂੰ ਲਗਾ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਇਸ ਗੱਲ ਨੂੰ ਲੈ ਕੇ ਸਾਫ ਝੂਠ ਬੋਲ ਰਹੇ ਹਨ ਕਿ ਛੱਤੀਸਗੜ੍ਹ ਸਰਕਾਰ ਨੇ ਮਹਾਦੇਵ ਐਪ ਨੂੰ ਬੈਨ ਕਰਨ ਦੀ ਮੰਗ ਨਹੀਂ ਕੀਤੀ ਸੀ। ਸ਼੍ਰੀ ਭੂਪੇਸ਼ ਬਘੇਲ ਨੇ 24 ਅਗਸਤ 2023 ਨੂੰ ਕਾਂਗਰਸ ਹੈੱਡਕੁਆਰਟਰ ਵਿਚ ਪ੍ਰੈੱਸ ਕਾਨਫਰੰਸ ਵਿਚ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਕੇਂਦਰ ਸਰਕਾਰ ਵਲੋਂ 28 ਫੀਸਦੀ ਟੈਕਸ ਲਗਾ ਕੇ ਆਨਲਾਈਨ ਬੇਟਿੰਗ ਨੂੰ ਕਾਨੂੰਨੀ ਦਰਜਾ ਦੇਣ ਦੀ ਗੱਲ ਚੁੱਕੀ ਸੀ। ਮੁੱਖ ਮੰਤਰੀ ਕਈ ਮਹੀਨਿਆਂ ਤੋਂ ਲਗਾਤਾਰ ਸਵਾਲ ਪੁੱਛ ਰਹੇ ਹਨ ਕਿ ਸੱਟਾ ਖਿਡਾਉਣ ਵਾਲੇ ਇਸ ਐਪ ’ਤੇ ਕੇਂਦਰ ਸਰਕਾਰ ਪਾਬੰਦੀ ਕਿਉਂ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸ਼ਾਇਦ 28 ਫੀਸਦੀ ਜੀ. ਐੱਸ. ਟੀ. ਦੇ ਲਾਲਚ ਵਿਚ ਪਾਬੰਦੀ ਨਹੀਂ ਲਗਾਈ ਜਾ ਰਹੀ ਹੈ ਜਾਂ ਕਿਤੇ ਭਾਜਪਾ ਦਾ ਐਪ ਸੰਚਾਲਕਾਂ ਨਾਲ ਲੈਣ-ਦੇਣ ਤਾਂ ਨਹੀਂ ਹੋ ਗਿਆ ਹੈ।