ਬਾਬਾ ਸਿੱਦੀਕੀ ਕ.ਤਲਕਾਂਡ: ਮੁਲਜ਼ਮ ਧਰਮਰਾਜ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ

Monday, Oct 14, 2024 - 11:00 AM (IST)

ਮੁੰਬਈ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਮੁਲਜ਼ਮ ਧਰਮਰਾਜ ਕਸ਼ਯਪ ਦੀ ਉਮਰ ਦਾ ਪਤਾ ਲਾਉਣ ਲਈ ਉਸ ਦਾ ਅਸਿਥ ਪਰੀਖਣ ਯਾਨੀ ਕਿ ਹੱਡੀਆਂ ਦਾ ਟੈਸਟ ਕਰਵਾਇਆ ਗਿਆ, ਜਿਸ ਵਿਚ ਇਹ ਸਾਬਤ ਹੋ ਗਿਆ ਹੈ ਕਿ ਉਹ ਨਾਬਾਲਗ ਨਹੀਂ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸ ਦੇਈਏ ਕਿ ਬਾਬਾ ਸਿੱਦੀਕੀ  ਦਾ ਉਪ ਨਗਰ ਬਾਂਦਰਾ 'ਚ ਸ਼ਨੀਵਾਰ ਨੂੰ ਤਿੰਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮੁੰਬਈ ਪੁਲਸ ਨੇ ਇਸ ਮਾਮਲੇ ਵਿਚ ਹਰਿਆਣਾ ਵਾਸੀ ਗੁਰਮੇਲ ਬਲਜੀਤ ਸਿੰਘ (23) ਅਤੇ ਉੱਤਰ ਪ੍ਰਦੇਸ਼ ਵਾਸੀ ਧਰਮਰਾਜ ਰਾਜੇਸ਼ ਕਸ਼ਯਪ (19) ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗੋਲੀਬਾਰੀ ਦੇ ਸਮੇਂ ਘਟਨਾ ਵਾਲੀ ਥਾਂ 'ਕੇ ਮੌਜੂਦ ਉਨ੍ਹਾਂ ਦਾ ਇਕ ਹੋਰ ਸਾਥੀ ਫ਼ਰਾਰ ਹੈ। 

ਇਕ ਅਧਿਕਾਰੀ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੀ ਟੀਮ ਨੇ ਦੋਸ਼ੀਆਂ ਨੂੰ ਇਕ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਧਰਮਰਾਜ ਕਸ਼ਯਪ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਨਾਬਾਲਗ ਹੈ। ਉਨ੍ਹਾਂ ਨੇ ਦੱਸਿਆ ਕਿ ਅਦਾਲਤ ਨੇ ਐਤਵਾਰ ਨੂੰ ਕਸ਼ਯਪ ਦਾ ਅਸਿਥ ਪਰੀਖਣ ਕਰਾਉਣ ਦਾ ਹੁਕਮ ਦਿੱਤਾ, ਜਿਸ 'ਚ ਇਹ ਸਾਬਤ ਹੋ ਗਿਆ ਹੈ ਕਿ ਉਹ ਨਾਬਾਲਗ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 21 ਅਕਤੂਬਰ ਤੱਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਦੇਰ ਸ਼ਾਮ ਨੂੰ ਪੁਣੇ ਤੋਂ 28 ਸਾਲਾ ਪ੍ਰਵੀਣ ਲੋਣਕਰ ਨੂੰ ਗ੍ਰਿਫ਼ਤਾਰ ਕੀਤਾ। ਉਹ ਨਿਰਮਲ ਨਗਰ ਵਿਚ ਸਿੱਦੀਕੀ  'ਤੇ ਹੋਏ ਹਮਲੇ ਵਿਚ ਸ਼ਾਮਲ ਸ਼ੁੱਭਮ ਲੋਣਕਰ ਦਾ ਭਰਾ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਭਰਾਵਾਂ ਨੇ ਸਿੱਦੀਕੀ  ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਅਤੇ ਇਸ ਸਾਜ਼ਿਸ਼ ਵਿਚ ਕਸ਼ਯਪ ਅਤੇ ਸ਼ਿਵਕੁਮਾਰ ਗੌਤਮ ਨੂੰ ਸ਼ਾਮਲ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਕੀ ਹੈ ਹੱਡੀਆਂ ਦਾ ਟੈਸਟ

ਹੱਡੀਆਂ ਦਾ ਟੈਸਟ ਇਕ ਡਾਕਟਰੀ ਪ੍ਰਕਿਰਿਆ ਹੈ, ਜੋ ਹੱਡੀਆਂ ਦੇ ਆਧਾਰ 'ਤੇ ਉਮਰ ਨਿਰਧਾਰਤ ਕਰਦੀ ਹੈ। ਇਸ ਟੈਸਟ ਵਿਚ ਕੁਝ ਹੱਡੀਆਂ ਜਿਵੇਂ ਕਿ ਕਾਲਰ ਦੀ ਹੱਡੀ (ਕਲੇਵੀਕਲ), ਛਾਤੀ (ਸਟਰਨਮ), ਅਤੇ ਪੇਡੂ (ਪੇਲਵਿਸ) ਦੇ ਐਕਸ-ਰੇ ਲਏ ਜਾਂਦੇ ਹਨ। ਉਮਰ ਦੇ ਨਾਲ ਇਨ੍ਹਾਂ ਹੱਡੀਆਂ ਦੀ ਬਣਤਰ ਵਿਚ ਬਦਲਾਅ ਆਉਂਦੇ ਹਨ, ਜਿਸ ਕਾਰਨ ਉਮਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਹਾਲਾਂਕਿ ਅਦਾਲਤਾਂ ਵਿਚ ਇਹ ਤਰੀਕਾ ਵਰਤਿਆ ਜਾਂਦਾ ਹੈ।

ਇਹ ਟੈਸਟ ਜੋੜਾਂ ਦੇ ਜੁੜਨ ਦੇ ਆਧਾਰ 'ਤੇ ਕੀਤਾ ਜਾਂਦਾ ਹੈ, ਜੋ ਕਿ ਜਨਮ ਤੋਂ ਲੈ ਕੇ 25 ਸਾਲ ਵਿਚਕਾਰ ਹੁੰਦਾ ਹੈ, ਹਾਲਾਂਕਿ ਇਹ ਵਿਅਕਤੀ 'ਤੇ ਨਿਰਭਰ ਕਰਦਾ ਹੈ। ਇਹ ਟੈਸਟ ਕਿਸੇ ਮਾਮਲੇ ਵਿਚ ਦੋਸ਼ੀ ਜਾਂ ਪੀੜਤ ਦੀ ਘਟਨਾ ਦੇ ਦਿਨ ਦੀ ਉਮਰ ਤੈਅ ਕਰਨ ਲਈ ਕੀਤਾ ਜਾਂਦਾ ਹੈ। ਖ਼ਾਸ ਕਰ ਕੇ ਨਾਬਾਲਗਾਂ ਨਾਲ ਜੁੜੇ ਮਾਮਲਿਆਂ ਵਿਚ ਮਹੱਤਵਪੂਰਨ ਹੁੰਦਾ ਹੈ।


Tanu

Content Editor

Related News