ਬਾਬਾ ਸਿੱਦੀਕੀ ਕਤਲ ਮਾਮਲੇ ’ਚ 26 ਦੋਸ਼ੀਆਂ ਖਿਲਾਫ ਲੱਗਾ ਮਕੋਕਾ
Sunday, Dec 01, 2024 - 01:02 AM (IST)
ਮੁੰਬਈ, (ਭਾਸ਼ਾ)- ਮੁੰਬਈ ਪੁਲਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਆਗੂ ਬਾਬਾ ਸਿੱਦੀਕੀ (66) ਦੇ ਕਤਲ ਕੇਸ ਵਿਚ ਸਾਰੇ 26 ਦੋਸ਼ੀਆਂ ਖ਼ਿਲਾਫ ਸਖਤ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਦੀਆਂ ਧਾਰਾਵਾਂ ਲਗਾਈਆਂ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਪਰਾਧ ਸ਼ਾਖਾ ਨੇ ਹੁਣ ਤੱਕ ਇਸ ਮਾਮਲੇ ’ਚ ਕਥਿਤ ਮੁੱਖ ਸ਼ੂਟਰ ਸ਼ਿਵ ਕੁਮਾਰ ਗੌਤਮ ਸਮੇਤ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੁੰਬਈ ਪੁਲਸ ਦੇ ਇਕ ਅਧਿਕਾਰੀ ਨੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਬਾਬਾ ਸਿੱਦੀਕੀ ਕਤਲ ਕੇਸ ਵਿਚ ਮਕੋਕਾ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਮਕੋਕਾ ਤਹਿਤ ਪੁਲਸ ਨੂੰ ਦਿੱਤੇ ਗਏ ਇਕਬਾਲੀਆ ਬਿਆਨ ਅਦਾਲਤ ਵਿਚ ਸਬੂਤ ਵਜੋਂ ਸਵੀਕਾਰ ਹਨ। ਮਕੋਕਾ ਤਹਿਤ ਜ਼ਮਾਨਤ ਮਿਲਣੀ ਵੀ ਔਖੀ ਹੈ।
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਦਾ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਈਸਟ ਵਿਚ ਉਨ੍ਹਾਂ ਦੇ ਪੁੱਤਰ ਅਤੇ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ 3 ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸ਼ੱਕੀ ਮੁੱਖ ਸਾਜ਼ਿਸ਼ਕਾਰ ਸ਼ੁਭਮ ਲੋਨਕਰ ਅਤੇ ਜੀਸ਼ਾਨ ਮੁਹੰਮਦ ਅਖਤਰ ਅਜੇ ਫਰਾਰ ਹਨ।