ਬਾਹੂਬਲੀ ਮੁਖਤਾਰ ਅੰਸਾਰੀ ਦੀ 8 ਕਰੋੜ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ
Sunday, Dec 18, 2022 - 10:21 AM (IST)
ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ ’ਚ ਸ਼ਨੀਵਾਰ ਨੂੰ ਗਾਜ਼ੀਪੁਰ ਪੁਲਸ ਵੱਲੋਂ ਮਾਫੀਆ ਮੁਖਤਾਰ ਅੰਸਾਰੀ ਦੀ 8 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ ਕਰ ਲਈ ਗਈ। ਇਹ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਉਸ ਦੀ ਮਾਂ ਅਤੇ ਭੈਣ ਦੇ ਨਾਂ ’ਤੇ ਰਜਿਸਟਰਡ ਸਨ। ਦਰਅਸਲ ਮਾਫੀਆ ਮੁਖਤਾਰ ਅੰਸਾਰੀ ਦੇ ਹਜ਼ਰਤਗੰਜ ਕੋਤਵਾਲੀ ਅਧੀਨ ਡਾਲੀਬਾਗ ਸਥਿਤ ਦੋ ਪਲਾਟਾਂ ’ਤੇ ਕੁਰਕੀ ਦੀ ਕਾਰਵਾਈ ਕੀਤੀ ਗਈ। ਇਹ ਦੋਵੇਂ ਪਲਾਟ ਕਰੀਬ 618 ਵਰਗ ਮੀਟਰ ਦੇ ਹਨ।
ਮਾਂ ਤੇ ਭੈਣ ਦੇ ਨਾਂ ਸਨ ਪਲਾਟ
ਇਹ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਮੁਖਤਾਰ ਅੰਸਾਰੀ ਦੀ ਮਾਂ ਰਾਬੀਆ ਖਾਤੂਨ ਉਰਫ਼ ਰਾਬੀਆ ਬੇਗਮ ਅਤੇ ਫਹਿਮੀਨਾ ਅੰਸਾਰੀ ਦੇ ਨਾਂ ਦਰਜ ਸਨ। ਮੁਹੰਮਦਾਬਾਦ ਦੇ ਸੀ. ਓ. ਸ਼ਿਆਮ ਬਹਾਦਰ ਸਿੰਘ ਨੇ ਦੱਸਿਆ ਕਿ ਹੁਣ ਇਹ ਦੋਵੇਂ ਜਾਇਦਾਦਾਂ ਹਜ਼ਰਤਗੰਜ ਪੁਲਸ ਦੀ ਦੇਖ-ਰੇਖ ਹੇਠ ਰਹਿਣਗੀਆਂ।
ਦੱਸ ਦੇਈਏ ਕਿ ਵੀਰਵਾਰ ਨੂੰ ਗਾਜ਼ੀਪੁਰ ਦੀ ਅਦਾਲਤ ਨੇ ਬਾਂਦਾ ਜੇਲ੍ਹ ’ਚ ਬੰਦ ਮਾਫੀਆ ਮੁਖਤਾਰ ਅੰਸਾਰੀ ਅਤੇ ਉਸ ਦੇ ਸਾਥੀ ਭੀਮ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ। ਮੁਖਤਾਰ ਅੰਸਾਰੀ ਖਿਲਾਫ ਜ਼ਮੀਨ ਹੜੱਪਣ, ਅਗਵਾ, ਵਸੂਲੀ, ਮੱਛੀ ਤੋਂ ਲੈ ਕੇ ਰੇਲਵੇ ਅਤੇ ਪੀ. ਡਬਲਿਊ. ਡੀ. ਦੇ ਠੇਕਿਆਂ ’ਤੇ ਕਬਜ਼ੇ ਕਰਨ ਸਮੇਤ 49 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਮੁਤਾਬਕ ਮੁਖਤਾਰ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।