ਹੁਣ ਆਜ਼ਮ ਖਾਨ ਦੇ ਬੇਟਿਆਂ ਅਤੇ ਪਤਨੀ ਨੂੰ ਪੁਲਸ ਦਾ ਨੋਟਿਸ

9/9/2019 8:18:13 PM

ਰਾਮਪੁਰ — ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਨੂੰ ਪੁਲਸ ਨੇ ਦਰਜ ਮੁਕੱਦਮਿਆਂ ਦੇ ਆਧਾਰ ’ਤੇ ਆਜ਼ਮ ਖਾਨ ਦੀ ਪਤਨੀ ਸੰਸਦ ਮੈਂਬਰ ਤੰਜ਼ੀਨ ਫਾਤਿਮਾ ਅਤੇ ਉਨ੍ਹਾਂ ਦੇ ਦੋਵਾਂ ਬੇਟਿਆਂ ਅਬਦੁੱਲਾ ਆਜ਼ਮ ਖਾਨ ਅਤੇ ਅਦੀਬ ਆਜ਼ਮ ਖਾਨ ਨੂੰ ਨੋਟਿਸ ਜਾਰੀ ਕਰ ਦਿੱਤਾ। ਅਡੀਸ਼ਨਲ ਪੁਲਸ ਸੁਪਰਡੈਂਟ ਅਰੁਣ ਕੁਮਾਰ ਸਿੰਘ ਨੇ ਇਹ ਜਾਣਕਾਰੀ ਦਿੱਤੀ।

ਅਰੁਣ ਕੁਮਾਰ ਨੇ ਦੱਸਿਆ, ‘‘ਆਜ਼ਮ ਦੀ ਪਤਨੀ ਅਤੇ ਰਾਜ ਸਭਾ ਸੰਸਦ ਮੈਂਬਰ ਤੰਜ਼ੀਨ ਫਾਤਿਮਾ ਅਤੇ ਬੇਟਿਆਂ ਅਦੀਬ ਆਜ਼ਮ ਖਾਨ ਅਤੇ ਅਬਦੁੱਲਾ ਆਜ਼ਮ ਖਾਨ ਨੂੰ ਧਾਰਾ 107 ਅਤੇ 91 ਦੇ ਤਹਿਤ ਨੋਟਿਸ ਦਿੱਤਾ ਗਿਆ ਹੈ। ਇਨ੍ਹਾਂ ’ਤੇ ਕਿਸਾਨਾਂ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕਰ ਕੇ ਉਸ ਨੂੰ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਦੀ ਚਾਰਦੀਵਾਰੀ ਅੰਦਰ ਮਿਲਾਉਣ ਦਾ ਦੋਸ਼ ਹੈ। ਉਨ੍ਹਾਂ ਦੇ ਘਰ ’ਤੇ ਨੋਟਿਸ ਵੀ ਚਿਪਕਾ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜੌਹਰ ਅਲੀ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਨੋਟਿਸ ਦਿੱਤਾ ਗਿਆ ਹੈ। ਪੁਲਸ ਨੇ 3 ਨੂੰ ਜ਼ਮੀਨ ਘਪਲਾ ਮਾਮਲੇ ’ਚ ਪੁੱਛਗਿਛ ਲਈ ਬੁਲਾਇਆ ਹੈ। ਪੁਲਸ ਨੇ ਤਿੰਨਾਂ ਨੂੰ ਦਿਨ ਦਾ ਸਮਾਂ ਦਿੱਤਾ ਹੈ। ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸੋਮਵਾਰ ਨੂੰ ਆਜ਼ਮ ਖਾਨ ਦੇ ਪਰਿਵਾਰ ਨੂੰ ਮਿਲਣ ਲਈ ਰਾਮਪੁਰ ਜਾਣ ਵਾਲੇ ਸਨ ਪਰ ਪੁਲਸ ਮੁਹੱਰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ।


Inder Prajapati

Edited By Inder Prajapati