ਅਯੁੱਧਿਆ ''ਚ ਵਾਦ-ਵਿਵਾਦ ਵਾਲੀ ਥਾਂ ''ਤੇ ਨਮਾਜ਼ ਪੜ੍ਹਨ ਦੀ ਪਟੀਸ਼ਨ ਰੱਦ
Thursday, Dec 20, 2018 - 06:06 PM (IST)

ਨਵੀਂ ਦਿੱਲੀ— ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਅਯੁੱਧਿਆ 'ਚ ਵਾਦ-ਵਿਵਾਦ ਵਾਲੀ ਥਾਂ 'ਤੇ ਨਮਾਜ਼ ਪੜ੍ਹਨ ਦੀ ਆਗਿਆ ਮੰਗਣ ਨਾਲ ਜੁੜੀ ਇਕ ਪਟੀਸ਼ਨ ਨੂੰ ਵੀਰਵਾਰ ਰੱਦ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਅਦਾਲਤ ਨੇ ਪਟੀਸ਼ਨ ਦਾਇਰ ਕਰਨ ਵਾਲੇ ਸੰਗਠਨ ਅਲ-ਰਹਿਮਾਨ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਜੁਰਮਾਨਾ ਅਦਾ ਨਾ ਕਰ ਸਕਣ 'ਤੇ ਅਦਾਲਤ ਨੇ ਅਯੁੱਧਿਆ ਜ਼ਿਲੇ ਦੇ ਡੀ. ਐੱਮ. ਨੂੰ ਸਖਤੀ ਨਾਲ ਜੁਰਮਾਨੇ ਦੀ ਰਕਮ ਵਸੂਲਣ ਲਈ ਕਿਹਾ ਹੈ।
ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਅਦਾਲਤ ਦਾ ਸਮਾਂ ਬਰਬਾਦ ਕਰਨ ਅਤੇ ਸਮਾਜ 'ਚ ਨਫਰਤ ਫੈਲਾਉਣ ਦੇ ਇਰਾਦੇ ਨਾਲ ਦਾਇਰ ਕੀਤੀਆਂ ਜਾਂਦੀਆਂ ਹਨ। ਅਲ-ਰਹਿਮਾਨ ਸੰਗਠਨ ਨੇ ਅਯੁੱਧਿਆ 'ਚ ਵਾਦ-ਵਿਵਾਦ ਵਾਲੀ ਥਾਂ 'ਤੇ ਮੁਸਲਮਾਨਾਂ ਨੂੰ ਦਿੱਤੀ ਗਈ ਜਗ੍ਹਾ 'ਚ ਨਮਾਜ਼ ਪੜ੍ਹਨ ਦੀ ਆਗਿਆ ਮੰਗੀ ਸੀ। ਇਸ ਪਟੀਸ਼ਨ ਵਿਚ ਸੰਗਠਨ ਨੇ ਦਾਅਵਾ ਕੀਤਾ ਸੀ ਕਿ ਵਾਦ-ਵਿਵਾਦ ਵਾਲੀ ਥਾਂ 'ਤੇ ਸਥਿਤ ਰਾਮ ਮੰਦਰ 'ਚ ਹਿੰਦੂਆਂ ਨੂੰ ਪੂਜਾ ਕਰਨ ਦੀ ਆਗਿਆ ਹੈ। ਇਸੇ ਆਧਾਰ 'ਤੇ ਮੁਸਲਮਾਨਾਂ ਨੂੰ ਵੀ 'ਆਪਣੀ' ਥਾਂ 'ਤੇ ਨਮਾਜ਼ ਪੜ੍ਹਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।