ਰਾਵਣ ਮੰਦਰ ਦੇ ਪੁਜਾਰੀ ਨੂੰ ਵੀ ਹੈ ਰਾਮ ਮੰਦਰ ਦੇ ਨੀਂਹ ਪੱਥਰ ਦਾ ਇੰਤਜ਼ਾਰ

08/04/2020 6:10:01 PM

ਅਯੁੱਧਿਆ- ਅਯੁੱਧਿਆ ਤੋਂ 650 ਕਿਲੋਮੀਟਰ ਦੂਰ ਨੋਇਡਾ 'ਚ ਰਾਵਣ ਦੇ ਮੰਦਰ ਦੇ ਪੁਜਾਰੀ ਨੂੰ ਵੀ ਰਾਮ ਨਗਰੀ 'ਚ ਸ਼ਾਨਦਾਰ ਮੰਦਰ ਦੇ ਨੀਂਹ ਪੱਥਰ ਵਾਲੀ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਗੌਤਮ ਬੁੱਧ ਨਗਰ ਦੇ ਬਿਸਰਖ ਇਲਾਕੇ 'ਚ ਰਾਵਣ ਦਾ ਮੰਦਰ ਸਥਿਤ ਹੈ। ਉਸ ਦੇ ਪੁਜਾਰੀ ਮਹੰਤ ਰਾਮਦਾਸ ਦਾ ਕਹਿਣਾ ਹੈ ਕਿ 5 ਅਗਸਤ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਦਾ ਉਨ੍ਹਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਇਹ ਰਸਮ ਸੰਪੰਨ ਹੋਣ ਤੋਂ ਬਾਅਦ ਉਹ ਲੋਕਾਂ 'ਚ ਮਠਿਆਈ ਵੰਡਣਗੇ। ਮਹੰਤ ਰਾਮਦਾਸ ਨੇ ਕਿਹਾ,''ਜੇਕਰ ਰਾਵਣ ਨਾ ਹੁੰਦਾ ਤਾਂ ਕੋਈ ਵੀ ਸ਼੍ਰੀ ਰਾਮ ਨੂੰ ਨਹੀਂ ਜਾਣਦਾ ਅਤੇ ਜੇਕਰ ਰਾਮ ਨਹੀਂ ਹੁੰਦੇ ਤਾਂ ਦੁਨੀਆ ਨੂੰ ਰਾਵਣ ਬਾਰੇ ਪਤਾ ਨਹੀਂ ਲੱਗਦਾ।'' ਉਨ੍ਹਾਂ ਨੇ ਕਿਹਾ ਕਿ ਉਹ ਅਯੁੱਧਿਆ 'ਚ ਰਾਮ ਮੰਦਰ ਦੇ ਨੀਂਹ ਪੱਥਰ ਨੂੰ ਲੈ ਕੇ ਬੇਹੱਦ ਖੁਸ਼ ਹਨ। ਨੀਂਹ ਪੱਥਰ ਤੋਂ ਬਾਅਦ ਉਹ ਲੋਕਾਂ 'ਚ ਲੱਡੂ ਵੰਡ ਕੇ ਖੁਸ਼ੀ ਮਨਾਉਣਗੇ। ਮੰਦਰ ਦਾ ਨੀਂਹ ਪੱਥਰ ਇਕ ਬਹੁਤ ਸ਼ੁੱਭ ਘਟਨਾਕ੍ਰਮ ਹੈ।

ਉੱਥੇ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਹੋਣ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ। ਮਹੰਤ ਨੇ ਦੱਸਿਆ ਕਿ ਬਿਸਰਖ ਰਾਵਣ ਦਾ ਜਨਮ ਸਥਾਨ ਹੈ, ਲਿਹਾਜਾ ਅਸੀਂ ਇਸ ਨੂੰ ਰਾਵਣ ਜਨਮ ਭੂਮੀ ਵੀ ਕਹਿੰਦੇ ਹਾਂ। ਉਨ੍ਹਾਂ ਨੇ ਰਾਵਣ ਨੂੰ ਪਰਮ ਗਿਆਨੀ ਵਿਅਕਤੀ ਦੱਸਦੇ ਹੋਏ ਕਿਹਾ ਕਿ ਸੀਤਾ ਦਾ ਹਰਨ ਕਰਨ ਤੋਂ ਬਾਅਦ ਰਾਵਣ ਨੇ ਉਨ੍ਹਾਂ ਨੂੰ ਆਪਣੇ ਮਹਿਲ 'ਚ ਲਿਜਾਉਣ ਦੀ ਬਜਾਏ ਅਸ਼ੋਕ ਵਾਟਿਕਾ 'ਚ ਰੱਖਿਆ। ਇਸ ਤੋਂ ਇਲਾਵਾ ਮਾਤਾ ਸੀਤਾ ਦੀ ਸੁਰੱਖਿਆ ਲਈ ਜਨਾਨੀਆਂ ਨੂੰ ਤਾਇਨਾਤ ਕੀਤਾ। ਜੇਕਰ ਭਗਵਾਨ ਰਾਮ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਹੈ ਤਾਂ ਮੇਰਾ ਮੰਨਣਾ ਹੈ ਕਿ ਰਾਵਣ ਵੀ ਲੋਕਾਂ ਦੀ ਮਰਿਆਦਾ ਦਾ ਖਿਆਲ ਰੱਖਦਾ ਸੀ। ਮਹੰਤ ਰਾਮਦਾਸ ਨੇ ਦੱਸਿਆ ਕਿ ਮੰਦਰ 'ਚ ਰਾਵਣ ਦੇ ਨਾਲ-ਨਾਲ ਭਗਵਾਨ ਸ਼ਿਵ, ਪਾਰਬਤੀ ਅਤੇ ਕੁਬੇਰ ਦੀਆਂ ਮੂਰਤੀਆਂ ਵੀ ਰੱਖੀਆਂ ਹੋਈਆਂ ਹਨ। ਮੰਦਰ 'ਚ ਆਉਣ ਵਾਲੇ ਕਰੀਬ 20 ਫੀਸਦੀ ਸ਼ਰਧਾਲੂ ਰਾਵਣ ਦੀ ਪੂਜਾ ਕਰਦੇ ਹਨ।


DIsha

Content Editor

Related News