ਅਯੁੱਧਿਆ ਮਾਮਲੇ ''ਚ ਸੋਮਵਾਰ ਤੋਂ ਇਕ ਘੰਟਾ ਵਧ ਸੁਣਵਾਈ ਕਰੇਗਾ ਸੁਪਰੀਮ ਕੋਰਟ

09/20/2019 2:06:41 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ ਸੋਮਵਾਰ ਤੋਂ ਰੋਜ਼ਾਨਾ ਇਕ ਘੰਟਾ ਵਧ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਇਕ ਘੰਟੇ ਦਾ ਸਮਾਂ ਇਸ ਲਈ ਵਧਾਇਆ ਗਿਆ ਹੈ ਤਾਂ ਕਿ ਅਯੁੱਧਿਆ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਪੂਰੀ ਕੀਤੀ ਜਾ ਸਕੇ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨ ਬੈਂਚ ਨੇ ਇਸ ਵਿਵਾਦ ਦੇ ਦੋਹਾਂ ਪੱਖਾਂ ਦੇ ਵਕੀਲਾਂ ਨੂੰ ਕਿਹਾ ਕਿ ਉਸ ਨੇ ਆਮ ਪ੍ਰਕਿਰਿਆ ਦੇ ਅਧੀਨ ਸ਼ਾਮ 4 ਵਜੇ ਦੀ ਬਜਾਏ ਰੋਜ਼ਾਨਾ 5 ਵਜੇ ਉੱਠਣ ਦਾ ਫੈਸਲਾ ਲਿਆ ਹੈ। ਸੰਵਿਧਾਨ ਬੈਂਚ ਦੇ ਹੋਰ ਮੈਂਬਰਾਂ 'ਚ ਜੱਜ ਐੱਸ.ਏ. ਬੋਬੜੇ, ਜੱਜ ਧਨੰਜਯ ਵਾਈ ਚੰਦਰਚੂੜ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐੱਸ. ਅਬਦੁੱਲ ਨਜ਼ੀਰ ਸ਼ਾਮਲ ਹਨ।

ਸੰਵਿਧਾਨ ਬੈਂਚ ਅਯੁੱਧਿਆ 'ਚ ਵਿਵਾਦਿਤ 2.77 ਏਕੜ ਭੂਮੀ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਦਰਮਿਆਨ ਬਰਾਬਰ ਵੰਡਣ ਸੰਬੰਧੀ ਇਲਾਹਾਬਾਦ ਹਾਈ ਕੋਰਟ ਦੇ ਸਤੰਬਰ 2010 ਦੇ ਫੈਸਲੇ ਵਿਰੁੱਧ ਦਾਇਰ ਅਪੀਲਾਂ 'ਤੇ 6 ਅਗਸਤ ਤੋਂ ਰੋਜ਼ਾਨਾ ਸੁਣਵਾਈ ਕਰ ਰਹੀ ਹੈ। ਬੈਂਚ ਨੇ ਹਿੰਦੂ ਅਤੇ ਮੁਸਲਿਮ ਪੱਖਕਾਰਾਂ ਦੇ ਵਕੀਲਾਂ ਨੂੰ ਕਿਹਾ,''ਅਸੀਂ ਸੋਮਵਾਰ (23 ਸਤੰਬਰ) ਤੋਂ ਇਕ ਘੰਟਾ ਵਧ ਬੈਠ ਸਕਦੇ ਹਾਂ।'' 

ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਪੂਰੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਉਸ ਨੂੰ ਕਰੀਬ 4 ਹਫ਼ਤਿਆਂ ਦਾ ਸਮਾਂ ਫੈਸਲਾ ਲਿਖਣ ਲਈ ਮਿਲ ਜਾਵੇ। ਕੋਰਟ ਦਾ ਇਹ ਫੈਸਲਾ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਅਜਿਹੀ ਸਥਿਤੀ 'ਚ 130 ਸਾਲ ਤੋਂ ਵੀ ਵਧ ਪੁਰਾਣੇ ਇਸ ਵਿਵਾਦ 'ਚ ਨਵੰਬਰ ਦੇ ਮੱਧ ਤੱਕ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੀ ਉਮੀਦ ਹੈ।


DIsha

Content Editor

Related News