ਅਯੁੱਧਿਆ ਕੇਸ : ਸੁਪਰੀਮ ਕੋਰਟ ਨੇ ਕਿਹਾ- 25 ਜੁਲਾਈ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ
Thursday, Jul 11, 2019 - 11:49 AM (IST)

ਨਵੀਂ ਦਿੱਲੀ—ਅਯੁੱਧਿਆ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ 'ਤੇ ਅਦਾਲਤ ਨੇ ਵਿਚੋਲਗੀ ਦਾ ਜੋ ਰਸਤਾ ਕੱਢਿਆ ਹੈ, ਉਹ ਕੰਮ ਨਹੀਂ ਕਰ ਰਿਹਾ ਹੈ। ਜਿਸ 'ਤੇ ਸੁਪਰੀਮ ਕੋਰਟ ਨੇ ਵਿਚੋਲਗੀ ਪੈਨਲ ਤੋਂ ਰਿਪੋਰਟ ਮੰਗੀ ਹੈ। ਇਸ ਮਾਮਲੇ ਦੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਪੈਨਲ ਨੂੰ ਇਹ ਰਿਪੋਰਟ ਅਗਲੇ ਵੀਰਵਾਰ ਤਕ ਸੁਪਰੀਮ ਕੋਰਟ ਵਿਚ ਜਮਾਂ ਕਰਾਉਣੀ ਹੋਵੇਗੀ। ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨਕ ਬੈਂਚ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ (ਸੇਵਾ ਮੁਕਤ) ਐੱਫ. ਐੱਮ. ਆਈ. ਕਲੀਫੁੱਲਾ ਤੋਂ 18 ਜੁਲਾਈ ਤਕ ਰਿਪੋਰਟ ਸੌਂਪਣ ਦੀ ਬੇਨਤੀ ਕੀਤੀ। ਸੰਵਿਧਾਨਕ ਬੈਂਚ ਨੇ ਕਿਹਾ ਕਿ ਨਵੀਂ ਸਥਿਤੀ ਰਿਪੋਰਟ ਦੇਖਣ ਤੋਂ ਬਾਅਦ ਜੇਕਰ ਉਸ ਨੂੰ ਲੱਗੇਗਾ ਕਿ ਵਿਚੋਲਗੀ ਪ੍ਰਕਿਰਿਆ ਅਸਫਲ ਰਹੀ, ਤਾਂ ਅਯੁੱਧਿਆ ਵਿਵਾਦ ਮਾਮਲੇ ਦੀ ਸੁਣਵਾਈ ਅਦਾਲਤ 25 ਜੁਲਾਈ ਤੋਂ ਰੋਜ਼ਾਨਾ ਕਰੇਗੀ। ਯਾਨੀ ਕਿ ਇਸ ਮਾਮਲੇ ਵਿਚ ਵਿਚੋਲਗੀ ਜਾਰੀ ਰਹੇਗੀ ਜਾਂ ਨਹੀਂ, ਇਸ 'ਤੇ ਫੈਸਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਜ਼ੋਰਾਂ 'ਤੇ ਹਨ। ਵਿਚੋਲਗੀ ਲਈ ਗਠਿਤ ਕਮੇਟੀ ਵਿਚ ਜਸਟਿਸ ਕਲੀਫੁੱਲਾ ਤੋਂ ਇਲਾਵਾ ਅਧਿਆਤਮਿਕ ਗੁਰੂ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪਾਂਚੂ ਨੂੰ ਮੈਂਬਰ ਬਣਾਇਆ ਗਿਆ ਹੈ। ਲੰਬੇ ਸਮੇਂ ਤੋਂ ਪੈਂਡਿੰਗ ਇਸ ਮਾਮਲੇ ਨੂੰ ਸੁਲਝਦਾ ਨਾ ਦੇਖ ਕੇ ਵਿਚਲੋਗੀ ਲਈ ਕਮੇਟੀ ਗਠਿਤ ਕੀਤੀ ਗਈ ਸੀ। ਇੱਥੇ ਦੱਸ ਦੇਈਏ ਕਿ 1992 'ਚ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ। ਇਸ ਨੂੰ 1528 ਈਸਵੀ 'ਚ ਮੁਗ਼ਲ ਬਾਦਸ਼ਾਹ ਬਾਬਰ ਨੇ ਬਣਵਾਇਆ ਸੀ। ਹਿੰਦੂ ਚਾਹੁੰਦੇ ਹਨ ਕਿ ਇੱਥੇ ਰਾਮ ਮੰਦਰ ਬਣੇ, ਜਦਕਿ ਮੁਸਲਮਾਨ ਚਾਹੁੰਦੇ ਹਨ ਕਿ ਇੱਥੇ ਮਸਜਿਦ ਬਣਨੀ ਚਾਹੀਦੀ ਹੈ। ਇਹ ਮਾਮਲਾ ਕਈ ਸਾਲਾਂ ਤੋਂ ਸੁਪਰੀਮ ਕੋਰਟ 'ਚ ਪੈਂਡਿੰਗ ਹੈ।