ਸ਼੍ਰੀਲੰਕਾ 'ਚ ਨਹੀਂ ਟਲਿਆ ਖਤਰਾ, ਭਾਰਤ ਵਲੋਂ ਐਡਵਾਇਜ਼ਰੀ ਜਾਰੀ
Saturday, Apr 27, 2019 - 08:18 PM (IST)

ਨਵੀਂ ਦਿੱਲੀ/ਕੋਲੰਬੋ— ਬੀਤੇ 21 ਅਪ੍ਰੈਲ ਨੂੰ ਸ਼੍ਰੀਲੰਕਾ 'ਚ ਹੋਏ ਆਤਮਘਾਤੀ ਹਮਲਿਆਂ ਤੋਂ ਬਾਅਦ ਦੇਸ਼ 'ਚ ਸੁਰੱਖਿਆ ਸਥਿਤੀ ਨੂੰ ਦੇਖਦਿਆਂ ਭਾਰਤ ਵਲੋਂ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਆਤਮਘਾਤੀ ਹਮਲਿਆਂ 'ਚ 360 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।
ਭਾਰਤ ਵਲੋਂ ਜਾਰੀ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਦੀ ਯਾਤਰਾ ਦੇ ਇੱਛੁਕ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਗੈਰ-ਜ਼ਰੂਰੀ ਯਾਤਰਾ ਨਾ ਕਰਨ। ਬੇਹੱਦ ਜ਼ਰੂਰੀ ਹਾਲਤ 'ਚ ਉਹ ਕੋਲੰਬੋ 'ਚ ਭਾਰਤ ਦੇ ਹਾਈ ਕਮਿਸ਼ਨਰ ਤੇ ਸਹਾਇਕ ਹਾਈ ਕਮਿਸ਼ਨਰ ਨਾਲ ਸੰਪਰਕ ਕਰ ਸਕਦੇ ਹਨ। ਕਿਸੇ ਵੀ ਹੋਰ ਲੋੜ ਦੀ ਸਥਿਤੀ 'ਚ ਵਣਜ ਦੂਤਘਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਆਤਮਘਾਤੀ ਹਮਲਾਵਰਾਂ ਨੇ ਸ਼੍ਰੀਲੰਕਾ ਦੇ ਤਿੰਨ ਲਗਜ਼ਰੀ ਹੋਟਲਾਂ ਤੇ ਤਿੰਨ ਚਰਚਾਂ 'ਤੇ ਹਮਲਾ ਕੀਤਾ ਸੀ, ਜਿਸ ਦੌਰਾਨ 350 ਤੋਂ ਵਧੇਰੇ ਲੋਕ ਮਾਰੇ ਗਏ ਸਨ ਤੇ 500 ਤੋਂ ਵਧੇਰੇ ਜ਼ਖਮੀ ਹੋਏ ਸਨ।