ਛੋਟੇ ਹਵਾਈ ਅੱਡਿਆਂ ਲਈ ਦਰਾਮਦ ਹੋਣਗੇ ਆਟੋਮੈਟਿਕ ਏ. ਟੀ. ਸੀ. ਟਾਵਰ
Monday, Jul 17, 2017 - 02:22 AM (IST)
ਨਵੀਂ ਦਿੱਲੀ-ਸਸਤੀ ਹਵਾਈ ਯਾਤਰਾ ਵਾਲੀ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ 'ਉਡਾਣ' ਤਹਿਤ ਵਿਕਸਿਤ ਕੀਤੇ ਜਾਣ ਵਾਲੇ ਹਵਾਈ ਅੱਡਿਆਂ 'ਤੇ ਆਟੋਮੈਟਿਕ ਏ. ਟੀ. ਸੀ. ਟਾਵਰ ਲਾਏ ਜਾਣਗੇ, ਜਿਨ੍ਹਾਂ ਨੂੰ ਦਰਾਮਦ ਕਰਨ ਦੀ ਯੋਜਨਾ ਬਣ ਚੁੱਕੀ ਹੈ। ਭਾਰਤੀ ਏਅਰਪੋਰਟ ਅਥਾਰਟੀ (ਏ. ਏ. ਆਈ.) ਦੇ ਪ੍ਰਧਾਨ ਗੁਰਪ੍ਰਸਾਦ ਮਹਾਪਾਤਰ ਨੇ ਦੱਸਿਆ ਕਿ ਪਹਿਲੇ ਪੜਾਅ ਲਈ ਵੰਡੇ ਜਾਣ ਵਾਲੇ ਰੂਟਾਂ ਦੇ ਹਵਾਈ ਅੱਡਿਆਂ 'ਤੇ ਪਹਿਲਾਂ ਤੋਂ ਏ. ਟੀ. ਸੀ. ਟਾਵਰ ਮੌਜੂਦ ਹਨ ਪਰ ਦੂਸਰੇ ਪੜਾਅ 'ਚ ਕੁਝ ਅਜਿਹੇ ਹਵਾਈ ਅੱਡਿਆਂ ਦੇ ਪ੍ਰਸਤਾਵ ਮਿਲ ਸਕਦੇ ਹਨ, ਜਿਥੇ ਫਿਲਹਾਲ ਏ. ਟੀ. ਸੀ. ਟਾਵਰ ਨਹੀਂ ਹਨ, ਜਿਸ ਲਈ ਅਥਾਰਟੀ ਆਟੋਮੈਟਿਕ ਏ. ਟੀ. ਸੀ. ਟਾਵਰ ਖਰੀਦੇਗੀ। ਖਰੀਦੇ ਆਟੋਮੈਟਿਕ ਟਾਵਰ ਦੀ ਖਾਸੀਅਤ ਇਹ ਹੋਵੇਗੀ ਕਿ ਜ਼ਰੂਰ ਪੈਣ 'ਤੇ ਉਸ ਨੂੰ ਇਕ ਹਵਾਈ ਅੱਡੇ ਤੋਂ ਦੂਸਰੇ ਹਵਾਈ ਅੱਡੇ 'ਤੇ ਆਸਾਨੀ ਨਾਲ ਤਬਦੀਲ ਕੀਤਾ ਜਾ ਸਕੇਗਾ। ਸੈਨਾ ਹਵਾਈ ਅੱਡਿਆਂ ਨੂੰ ਛੱਡ ਕੇ ਹੋਰ ਸਾਰੇ ਤਰ੍ਹਾਂ ਦੇ ਹਵਾਈ ਅੱਡਿਆਂ 'ਤੇ ਏ. ਟੀ. ਸੀ. (ਏਅਰ ਟ੍ਰੈਫਿਕ ਕੰਟਰੋਲ) ਦਾ ਕੰਮ ਪੂਰੀ ਤਰ੍ਹਾਂ ਨਾਲ ਏ. ਏ. ਆਈ. ਦੇ ਅੰਦਰ ਆਉਂਦਾ ਹੈ।
